ਮਲੋਟ, 30 ਅਪ੍ਰੈਲ (ਪਾਟਿਲ)-ਅੱਜ ਸ਼ਹਿਰ ਦੀ ਗ੍ਰੀਨ ਵੈਲੀ ਕਾਲੋਨੀ 'ਚ ਖ਼ਾਲੀ ਪਲਾਟ 'ਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਇਲਾਕੇ 'ਚ ਹੜਕੰਪ ਮਚ ਗਿਆ | ਅੱਗ ਲੱਗਣ ਨਾਲ ਹਾਲਾਂਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਪਰ ਸਮੇਂ ਸਿਰ ਕਾਬੂ ਪਾ ਲੈਣ ਨਾਲ ਇਕ ਵੱਡੀ ਦੁਰਘਟਨਾ ਟਲ ਗਈ | ਅੱਗ ਫ਼ੈਲਣ ਦੇ ਡਰ ਤੋਂ ਆਸਪਾਸ ਦੇ ਘਰਾਂ 'ਚ ਰਹਿੰਦੇ ਲੋਕ ਤੁਰੰਤ ਮੌਕੇ 'ਤੇ ਇਕੱਠੇ ਹੋਏ ਅਤੇ ਆਪਣੇ ਪੱਧਰ 'ਤੇ ਅੱਗ ਬੁਝਾਉਣ ਦੇ ਯਤਨ ਕਰਨ ਲੱਗ ਪਏ | ਇਸ ਦੇ ਨਾਲ ਹੀ ਫਾਇਰ ਬਿ੍ਗੇਡ ਨੂੰ ਵੀ ਸੂਚਿਤ ਕੀਤਾ ਗਿਆ, ਜੋ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਵਿਚ ਸਫ਼ਲ ਰਹੀ | ਜ਼ਿਕਰਯੋਗ ਹੈ ਕਿ ਗ੍ਰੀਨ ਵੈਲੀ ਕਾਲੋਨੀ ਵਿਚ ਕਾਫ਼ੀ ਸੰਘਣੀ ਵੱਸੋਂ ਹੈ, ਪਰ ਫ਼ਿਰ ਵੀ ਕੁਝ ਪਲਾਟ ਖ਼ਾਲੀ ਪਏ ਹਨ, ਜਿਨ੍ਹਾਂ 'ਚ ਸਰਕੰਡੇ ਆਦਿ ਵੱਧ ਮਾਤਰਾ ਵਿਚ ਉਗੇ ਹੋਏ ਹਨ | ਇਹੀ ਕਾਰਨ ਅੱਗ ਨੇ ਕੁਝ ਸਮੇਂ 'ਚ ਹੀ ਭਿਆਨਕ ਰੂਪ ਧਾਰ ਲਿਆ ਤੇ ਦੂਰ ਤੱਕ ਧੂੰਆਂ ਫ਼ੈਲ ਗਿਆ | ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੇ ਸਮੂਹ ਇਲਾਕਿਆਂ 'ਚ ਖ਼ਾਲੀ ਪਲਾਟਾਂ ਦੀ ਸਫ਼ਾਈ ਯਕੀਨੀ ਬਣਾਈ ਜਾਵੇ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ |