ਦੋਦਾ, 30 ਅਪ੍ਰੈਲ (ਰਵੀਪਾਲ)-ਸਰਕਾਰੀ ਹਾਈ ਸਕੂਲ ਸੂਰੇਵਾਲਾ ਵਿਖੇ ਅੱਜ 'ਅਨੀਮੀਆ ਮੁਕਤ ਭਾਰਤ' ਅਭਿਆਨ ਤਹਿਤ ਸਿਹਤ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਆਯੂਸ਼ਮਨ ਅਰੋਗਿਆ ਕੇਂਦਰ ਆਸਾ ਬੁੱਟਰ ਦੀ ਹੈਲਥ ਟੀਮ ਵਲੋਂ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਦੇ ਖ਼ੂਨ ਦੀ ਜਾਂਚ ਕੀਤੀ ਗਈ | ਇਸ ਦੌਰਾਨ ਹੈਲਥ ਟੀਮ ਵਲੋਂ ਵਿਦਿਆਰਥਣਾਂ ਨੂੰ ਅਨੀਮੀਆ (ਖ਼ੂਨ ਦੀ ਕਮੀ) ਦੇ ਲੱਛਣਾਂ, ਇਸ ਤੋਂ ਬਚਾਅ ਅਤੇ ਸਿਹਤਮੰਦ ਖ਼ੁਰਾਕ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ 10 ਤੋਂ 16 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਨ ਵੀ ਕੀਤਾ ਗਿਆ | ਕੈਂਪ ਦੌਰਾਨ 14 ਸਾਲ ਦੀਆਂ ਲੜਕੀਆਂ ਨੂੰ ਐੱਚ.ਪੀ.ਵੀ. ਵੈਕਸੀਨ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ | ਦਸਵੀਂ ਜਮਾਤ ਦੀ ਵਿਦਿਆਰਥਣ ਪ੍ਰਭਜੋਤ ਕੌਰ ਪੁੱਤਰੀ ਭੁਪਿੰਦਰ ਸਿੰਘ ਨੇ ਅੱਗੇ ਹੋ ਕੇ ਐੱਚ.ਪੀ.ਵੀ. ਵੈਕਸੀਨ ਲਗਵਾਈ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਆਪਣੀ ਸਿਹਤ ਪ੍ਰਤੀ ਸੁਚੇਤ ਹੋਣ ਅਤੇ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੀ.ਐੱਚ.ਓ. ਦੀਕਸ਼ਾ, ਸਵਰਨ ਕੌਰ, ਪੁਸ਼ਵਿੰਦਰ ਤੇ ਸੰਦੀਪ ਕੁਮਾਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ | ਪਿ੍ੰਸੀਪਲ ਅਤੁਲ ਕੁਮਾਰ ਅਤੇ ਸਮੂਹ ਸਟਾਫ਼ ਰਮਨਦੀਪ ਕੌਰ, ਮਨਦੀਪ ਕੌਰ, ਪ੍ਰਭਜੋਤ ਕੌਰ, ਖੁਸ਼ਵੀਰ ਕੌਰ, ਤਸਵੀਰ ਕੌਰ, ਚਰਨਜੀਤ ਕੌਰ ਨੇ ਇਸ ਉਪਰਾਲੇ 'ਚ ਸਹਿਯੋਗ ਦਿੱਤਾ ਅਤੇ ਵਿਦਿਆਰਥੀਆਂ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਲਈ ਉਤਸਾਹਿਤ ਕੀਤਾ |