ਮਲੋਟ, 30 ਅਪ੍ਰੈਲ (ਅਜਮੇਰ ਸਿੰਘ ਬਰਾੜ, ਪਾਟਿਲ)-ਮਲੋਟ ਸ਼ਹਿਰ ਦੇ ਵਾਸੀਆਂ ਲਈ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਸੁਹਿਰਦ ਯਤਨਾ ਸਦਕਾ 25 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਤੇ ਇਸ ਦੇ ਚੱਲਦਿਆਂ ਹੀ ਕੈਬਨਿਟ ਮੰਤਰੀ ਵਲੋਂ ਅੱਜ ਨਹਿਰ ਤੋਂ ਸਿੱਧੀ ਵਾਟਰ ਵਰਕਸ ਤੱਕ ਕਰੀਬ 12 ਕਰੋੜ ਦੀ ਲਾਗਤ ਨਾਲ 8.5 ਕਿੱਲੋਮੀਟਰ ਲੰਮੀ ਪੈਣ ਵਾਲੀ ਪਾਈਪ ਲਾਈਨ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਪਾਈਪ ਲਾਈਨ ਨਾਲ ਮਲੋਟ ਸ਼ਹਿਰ ਵਾਸੀਆਂ ਦੇ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਦਾ ਹੱਲ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਅਜਿਹੇ ਕੰਮਾਂ 'ਤੇ ਥੋੜ੍ਹਾ ਜਿਹਾ ਜ਼ਿਆਦਾ ਸਮਾਂ ਤਾਂ ਲੱਗਦਾ ਹੈ, ਪਰ ਬਹੁਤ ਵੱਡੇ ਮਸਲੇ ਵੀ ਹੱਲ ਹੋ ਜਾਂਦੇ ਹਨ | ਉਨ੍ਹਾਂ ਕਿਹਾ ਕਿ ਹੁਣ 12 ਕਰੋੜ ਦੀ ਲਾਗਤ ਨਾਲ ਇਹ ਪਾਈਪ ਲਾਈਨ ਪਵੇਗੀ, ਜਿਸ ਨਾਲ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਰਾਹਤ ਮਿਲੇਗੀ | ਉਨ੍ਹਾਂ ਇਸ ਮੌਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਪੰਜਾਬ ਭਰ ਵਿਚ ਜੋ ਬਿਜਲੀ ਦੇ ਕੱਟਾਂ ਨੂੰ ਲੈ ਕੇ ਧਰਨੇ ਦਿੱਤੇ ਜਾ ਰਹੇ ਹਨ, ਇਹ ਧਰਨੇ ਬਿਨ੍ਹਾਂ ਕਿਸੇ ਕਾਰਨ ਦੇ ਦਿੱਤੇ ਜਾ ਰਹੇ ਹਨ | ਕੈਬਨਿਟ ਮੰਤਰੀ ਨੇ ਕਿਹਾ ਕਿ ਕੋਈ ਤਕਨੀਕੀ ਕਾਰਨਾਂ ਕਰਕੇ ਜਾਂ ਤਾਰਾਂ, ਖੰਭਿਆਂ ਦੇ ਹੋਰ ਸੁਧਾਰ ਲਈ ਥੋੜ੍ਹੇ ਸਮੇਂ ਲਈ ਕੋਈ ਬਿਜਲੀ ਜਾਂਦੀ ਹੈ, ਤਾਂ ਕੋਈ ਵੱਡੀ ਗੱਲ ਨਹੀਂ | ਸਾਰੀਆਂ ਸਰਕਾਰਾਂ ਵਿਚ ਹੀ ਇਹ ਕੰਮ ਹੁੰਦੇ ਆਏ ਹਨ, ਪਰ ਅਕਾਲੀ ਦਲ ਵਲੋਂ ਇਸ ਨੂੰ ਬਹੁਤ ਵੱਡਾ ਹਊਆ ਬਣਾ ਕੇ ਪੇਸ਼ ਕਰਨਾ ਸਮਝ ਤੋਂ ਬਾਹਰ ਦੀ ਗੱਲ ਹੈ | ਕੈਬਨਿਟ ਮੰਤਰੀ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਵਲੋਂ ਆਮ ਆਦਮੀ ਪਾਰਟੀ ਨੂੰ ਢਾਹ ਲਗਾਉਣ ਲਈ ਸਕੀਮਾਂ ਘੜੀਆਂ ਜਾ ਰਹੀਆਂ ਹਨ ਤੇ ਇਸ ਵਿਚ ਭਾਰਤੀ ਜਨਤਾ ਪਾਰਟੀ ਸਭ ਤੋਂ ਅੱਗੇ ਜਾ ਰਹੀ ਹੈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ ਵੀ ਹਾਜ਼ਰ ਸਨ |