01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਲੰਬੀ 'ਚ ਤਕਸੀਮ ਤੇ ਗਿਰਦਾਵਰੀ ਕੇਸਾਂ ਦਾ ਨਿਪਟਾਰਾ ਕਰਕੇ ਲੋਕਾਂ ਨੂੰ ਰਾਹਤ ਦੇਣ ਦੀ ਮੰਗ

ਅਜੀਤ ਡੈਸਕ 01-05-2026
ਲੰਬੀ, 30 ਅਪ੍ਰੈਲ (ਮੇਵਾ ਸਿੰਘ)-ਲੰਬੀ ਤਹਿਸੀਲ ਵਿਖੇ ਲੋਕਾਂ ਨੂੰ ਆਪਣੇ ਕਾਗ਼ਜ਼ੀ ਦਸਤਾਵੇਜ਼ ਰਜਿਸਟਰਡ ਕਰਵਾਉਣ ਲਈ ਰੋਜ਼ਾਨਾ ਆਉਣਾ-ਜਾਣਾ ਪੈਂਦਾ ਹੈ | ਲਗਭਗ 34 ਕੁ ਸਾਲ ਪਹਿਲਾਂ ਬਣੀ ਸਬ ਤਹਿਸੀਲ ਲੰਬੀ ਜੋ ਕਿ ਬੱਸ ਅੱਡਾ ਲੰਬੀ ਤੋਂ ਕਰੀਬ 2 ਕਿੱਲੋਮੀਟਰ ਦੀ ਦੂਰੀ 'ਤੇ ਹੈ | ਸਬ ਤਹਿਸੀਲ ਲੰਬੀ ਦਾ ਪੱਕਾ ਬੱਸ ਅੱਡਾ ਨਾ ਹੋਣ ਕਾਰਨ ਆਮ ਲੋਕ ਜਿਨ੍ਹਾਂ ਕੋਲ ਆਪਣਾ ਕੋਈ ਵਾਹਨ ਨਹੀਂ, ਨੂੰ ਤਹਿਸੀਲ ਵਿਚ ਆਉਣਾ-ਜਾਣਾ ਕਾਫ਼ੀ ਔਖਾ ਹੈ, ਕਿਉਂਕਿ ਇਥੇ ਪੱਕਾ ਬੱਸ ਅੱਡਾ ਨਾ ਹੋਣ ਕਰਕੇ ਬੱਸਾਂ ਵਾਲੇ ਬੱਸਾਂ ਨਹੀਂ ਰੋਕਦੇ | ਇਸ ਤੋਂ ਇਲਾਵਾ ਸਬ ਤਹਿਸੀਲ ਲੰਬੀ ਵਿਚ 31 ਅਕਤੂਬਰ 2025 ਤੋਂ ਬਾਅਦ ਲਗਪਗ ਸਾਢੇ ਕੁ ਚਾਰ ਮਹੀਨੇ ਰੈਗੂਲਰ ਨਾਇਬ ਤਹਿਸੀਲਦਾਰ ਦੀ ਪੋਸਟ ਖ਼ਾਲੀ ਹੋਣ ਕਾਰਨ ਤਕਸੀਮ, ਗਿਰਦਾਵਰੀ ਦੇ ਕੇਸਾਂ ਦਾ ਕੰਮ ਨਹੀਂ ਹੋ ਰਿਹਾ ਹੈ | ਕੇਸ ਤਾਂ ਉਸ ਤੋਂ ਪਹਿਲਾਂ ਦੇ ਵੀ ਪੈਡਿੰਗ ਪਏ ਹਨ | ਹਾਲਾਂਕਿ 24 ਮਾਰਚ 2026 ਨੂੰ ਰੁਪਿੰਦਰ ਕੌਰ ਨੇ ਸਬ ਤਹਿਸੀਲ ਲੰਬੀ ਵਿਖੇ ਰੈਗੂਲਰ ਨਾਇਬ ਤਹਿਸੀਲਦਾਰ ਦਾ ਚਾਰਜ ਸੰਭਾਲ ਲਿਆ ਹੈ, ਪਰ ਉਨ੍ਹਾਂ ਕੋਲ ਸਿਰਫ਼ ਦਸਤਾਵੇਜ਼ਾਂ ਨੂੰ ਰਜਿਸਟਰਡ ਕਰਨ ਦਾ ਚਾਰਜ ਹੈ | ਗਿਰਦਾਵਰੀ ਤੇ ਤਕਸੀਮ ਦੇ ਕੇਸਾਂ ਦਾ ਨਿਪਟਾਰਾ ਕਰਨ ਦਾ ਚਾਰਜ ਉਨ੍ਹਾਂ ਕੋਲ ਨਹੀਂ ਹੈ | ਹਲਕਾ ਲੰਬੀ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਪ੍ਰਤਾਪ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਅਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਲੰਬੀ ਤਹਿਸੀਲ ਵਿਖੇ ਪਿੰਡਾਂ ਦੇ ਲੋਕਾਂ ਨੂੰ ਤਕਸੀਮ ਕਰਵਾਉਣ ਸੰਬੰਧੀ ਮਿਤੀਆਂ ਜੋ ਮੁਕੱਰਰ ਹੁੰਦੀਆਂ ਹਨ, ਉਨ੍ਹਾਂ 'ਤੇ ਆਉਣਾ ਤਾਂ ਪੈਂਦਾ ਹੈ ਪਰ ਖ਼ੱਜਲ-ਖ਼ੁਆਰ ਹੋ ਕੇ ਵਾਪਸ ਘਰਾਂ ਨੂੰ ਜਾਣਾ ਪੈਂਦਾ ਹੈ | ਪੀੜਤ ਲੋਕਾਂ ਨੇ ਦੱਸਿਆ ਕਿ ਤਕਸੀਮ ਦੇ ਕੇਸ ਲਾਇਆ ਨੂੰ ਇਕ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ, ਪਰ ਇਥੇ ਸਬ ਤਹਿਸੀਲ ਵਿਚ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਨਾਲ ਹੋਰ ਵੀ ਘਰੇਲੂ ਵਿਵਾਦ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ | ਹਲਕੇ ਦੇ ਸਮੁੱਚੇ ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਤੇ ਸਰਕਾਰ ਵਲੋਂ ਤਕਸੀਮਾਂ ਤੇ ਗਿਰਦਾਵਰੀ ਦੇ ਪੈਡਿੰਗ ਪਏ ਕੇਸਾਂ ਦਾ ਨਿਪਟਾਰਾ ਕਰਨ ਸੰਬੰਧੀ ਜਾਂ ਤਾਂ ਮੌਜੂਦਾ ਨਾਇਬ ਤਹਿਸੀਲਦਾਰ ਲੰਬੀ ਤੇ ਜਾਂ ਕਿਸੇ ਹੋਰ ਤਹਿਸੀਲਦਾਰ ਨੂੰ ਚਾਰਜ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ | ਜਦੋਂ ਇਸ ਸੰਬੰਧੀ ਰੁਪਿੰਦਰ ਕੌਰ ਮੌਜੂਦਾ ਨਾਇਬ ਤਹਿਸੀਲਦਾਰ ਲੰਬੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਦਸਤਾਵੇਜ਼ ਰਜਿਸਟਰਡ ਕਰਨ ਦਾ ਚਾਰਜ ਹੈ ਤੇ ਪੰਜਾਬ ਸਰਕਾਰ ਵਲੋਂ ਦਸਤਾਵੇਜ਼ ਰਜਿਸਟਰਡ ਕਰਨ ਦਾ ਟਾਈਮ ਘੱਟੋ-ਘੱਟ 30 ਮਿੰਟ ਵਿਚ ਕਰਨ ਦਾ ਹੈ, ਜਦੋਂ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਰਿਪੋਰਟ ਅਨੁਸਾਰ ਸਬ ਤਹਿਸੀਲ ਲੰਬੀ ਵਿਖੇ ਸਿਰਫ਼ 8 ਮਿੰਟ ਵਿਚ ਦਸਤਾਵੇਜ਼ ਰਜਿਸਟਰਡ ਹੋ ਜਾਂਦਾ ਹੈ ਅਤੇ ਸਬ ਤਹਿਸੀਲ ਲੰਬੀ ਦਸਤਾਵੇਜ਼ ਰਜਿਸਟਰਡ ਕਰਨ ਵਿਚ ਜ਼ਿਲ੍ਹੇ 'ਚੋਂ ਇਕ ਨੰਬਰ 'ਤੇ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਇੰਤਕਾਲ 15 ਤੋਂ 25 ਦਿਨਾਂ ਦੇ ਅੰਦਰ ਹੋਣਾ ਹੁੰਦਾ ਹੈ | ਇਸ ਵਕਤ ਉਨ੍ਹਾਂ ਕੋਲ ਕੋਈ ਇੰਤਕਾਲ ਪੈਡਿੰਗ ਨਹੀਂ ਹੈ | ਉਨ੍ਹਾਂ ਕਿਹਾ ਕਿ ਤਕਸੀਮ ਤੇ ਗਿਰਦਾਵਰੀ ਦੇ ਪੈਡਿੰਗ ਕੇਸਾਂ ਸੰਬੰਧੀ ਲੋਕਾਂ ਦੀ ਮੁਸ਼ਕਿਲ ਨੂੰ ਉਹ ਵੀ ਮਹਿਸੂਸ ਕਰਦੇ ਹਨ |
ਪਿਛਲੀ ਖ਼ਬਰ ਭਾਜਪਾ ਵਲੋਂ ਨਗਰ ਕੌਂਸਲ ਸਾਹਮਣੇ ਲੱਗੇ ਕੂੜੇ ਦੇ ਡੰਪ ਨੂੰ ਚੁਕਵਾਉਣ ਲਈ ਪ੍ਰਦਰਸ਼ਨ ਅਗਲੀ ਖ਼ਬਰ ਡਾ. ਬਲਜੀਤ ਕੌਰ ਵਲੋਂ 12 ਕਰੋੜ ਦੀ ਲਾਗਤ ਨਾਲ ਪਾਈਪ ਲਾਈਨ ਦੇ ਕੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।