ਕੋਟਕਪੂਰਾ, 11 ਮਈ (ਮੋਹਰ ਸਿੰਘ ਗਿੱਲ)-ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸਿਵਲ ਹਸਪਤਾਲ ਕੋਟਕਪੂਰਾ ਵਿਖੇ 24 ਲੱਖ ਰੁਪਏ ਦੀ ਲਾਗਤ ਨਾਲ ਲਿਆਂਦੀਆਂ ਡਾਇਲਸਿਸ ਦੀਆਂ ਦੋ ਨਵੀਆਂ ਮਸ਼ੀਨਾਂ ਲੋਕਾਂ ਨੂੰ ਸਿਹਤ ਸਹੂਲਤਾਂ ਵਜੋਂ ਸਮਰਪਿਤ ਕੀਤੀਆਂ | ਇਨ੍ਹਾਂ ਮਸ਼ੀਨਾਂ ਦੇ ਚਾਲੂ ਹੋਣ ਨਾਲ ਡਾਇਲਸਿਸ ਸੇਵਾ ਮੁੜ ਸ਼ੁਰੂ ਹੋ ਗਈ ਹੈ, ਜਿਸ ਨਾਲ ਇਲਾਕੇ ਦੇ ਗ਼ਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੀ ਸਹੂਲਤ ਲਈ ਹਸਪਤਾਲ ਵਿਚ 5 ਲੱਖ ਰੁਪਏ ਦੀ ਲਾਗਤ ਨਾਲ਼ ਏ.ਸੀ ਲਗਾਏ ਜਾ ਚੁੱਕੇ ਹਨ ਅਤੇ ਹੁਣ ਤਿੰਨ ਨਵੇਂ ਏ.ਸੀ ਹੋਰ ਲਾਏ ਜਾਣਗੇ | ਕੋਟਕਪੂਰਾ ਸ਼ਹਿਰ ਦੀਆਂ ਬਾਕੀ ਰਹਿੰਦੀਆਂ ਗਲੀਆਂ ਵਿਚ ਇੰਟਰਲਾਕ ਟਾਈਲਾਂ ਅਤੇ ਸਟਰੀਟ ਲਾਈਟਾਂ ਲਗਾਉਣ ਲਈ 32 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟ ਮਨਜ਼ੂਰ ਕੀਤੇ ਗਏ ਹਨ | ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ 18 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪ੍ਰੋਜੈਕਟ 'ਤੇ ਕੰਮ ਸ਼ੁਰੂ ਹੋ ਚੁੱਕਿਆ ਹੈ | ਸਪੀਕਰ ਸੰਧਵਾਂ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਦੇ ਹੱਲ ਲਈ 12 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਪਾਈਪਾਂ ਪਾਈਆਂ ਜਾਣਗੀਆਂ | ਇਸ ਨਾਲ ਸੀਵਰੇਜ ਮਿਲਿਆ ਪਾਣੀ ਆਉਣ ਦੀ ਸਮੱਸਿਆ ਤੋਂ ਹੀਰਾ ਸਿੰਘ ਨਗਰ ਅਤੇ ਹੋਰ ਪ੍ਰਭਾਵਿਤ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਰਾਹਤ ਮਿਲੇਗੀ | ਕੋਟਕਪੂਰਾ ਰਜਬਾਹਾ 12.50 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋ ਚੁੱਕਾ ਹੈ | ਇਸ ਮੌਕੇ ਸਿਹਤ ਅਧਿਕਾਰੀ ਅਤੇ ਪਾਰਟੀ ਵਰਕਰ ਹਾਜ਼ਰ ਸਨ |