ਬਰਗਾੜੀ, 17 ਮਈ (ਸੁਖਰਾਜ ਸਿੰਘ ਗੋਂਦਾਰਾ)-ਇਕ ਪਾਸੇ ਤਾਂ ਸਰਕਾਰ ਤੇ ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਜ਼ਿਆਦਾਤਰ ਜ਼ੋਨਾਂ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਚਿੰਤਾਜਨਕ ਹਲਾਤਾਂ 'ਚੋਂ ਗੁਜਰ ਰਿਹਾ ਹੈ | ਇਸ ਕਰਕੇ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ | ਇਸ ਦੇ ਬਾਵਜੂਦ ਨਹਿਰੀ ਵਿਭਾਗ ਵਲੋਂ ਵਾਰ ਵਾਰ ਲੰਮੀ ਨਹਿਰੀ ਬੰਦੀ ਕੀਤੀ ਜਾ ਰਹੀ ਹੈ | ਜਿਸ ਕਰਕੇ ਕਿਸਾਨ ਆਪਣੀਆਂ ਫ਼ਲ, ਸਬਜ਼ੀਆਂ ਤੇ ਪਸ਼ੂਆਂ ਦੇ ਚਾਰੇ ਆਦਿ ਨੂੰ ਧਰਤੀ ਹੇਠਲਾ ਪਾਣੀ ਲਾਉਣ ਲਈ ਮਜਬੂਰ ਹੋ ਰਹੇ ਹਨ | ਕਿਸਾਨਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਸਭ ਤੋਂ ਵੱਧ ਨਹਿਰੀ ਪਾਣੀ ਦੇਣ ਦੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਸਭ ਤੋਂ ਵੱਧ ਸਮਾਂ ਨਹਿਰੀ ਬੰਦੀਆਂ ਰਹੀਆਂ ਹਨ | ਟੇਲਾਂ 'ਤੇ ਪਾਣੀ ਪਹੁੰਚਾਉਣ ਦੀਆਂ ਗੱਲਾਂ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਦੇ ਰਾਜ 'ਚ ਟੇਲਾਂ 'ਤੇ ਪਾਣੀ ਪਹੁੰਚਣਾ ਤਾਂ ਦੂਰ ਦੀ ਗੱਲ ਮੋਘਿਆਂ ਦੇ ਮੁੱਢ 'ਚ ਬੈਠੇ ਕਿਸਾਨ ਨਹਿਰੀ ਪਾਣੀ ਨੂੰ ਤਰਸ ਰਹੇ ਹਨ | ਕਿਸਾਨਾਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਨਹਿਰੀ ਪਾਣੀ ਦੀ ਬੰਦੀ ਖਤਮ ਕਰਕੇ ਨਹਿਰਾਂ, ਸੂਏ, ਕੱਸੀਆਂ 'ਚ ਪਾਣੀ ਛੱਡਿਆ ਜਾਵੇ ਤਾਂ ਕਿ ਪਸ਼ੂ, ਪੰਛੀ, ਜੀਵ, ਜੰਤੂ ਅਤੇ ਬਨਸਪਤੀ ਨੂੰ ਕੁਝ ਰਾਹਤ ਮਿਲ ਸਕੇ | ਇਸ ਤੋਂ ਇਲਾਵਾ ਝੋਨੇ ਦਾ ਸੀਜ਼ਨ ਨਜ਼ਦੀਕ ਆ ਰਿਹਾ ਹੋਣ ਕਰਕੇ ਕਿਸਾਨ ਆਪਣੀਆਂ ਜ਼ਮੀਨਾਂ ਵਾਅ ਕਿ ਉਨ੍ਹਾਂ ਨੂੰ ਨਹਿਰੀ ਪਾਣੀ ਨਾਲ ਰਿਮਅ ਸਕਣ |