ਬਰਗਾੜੀ, 17 ਮਈ (ਸੁਖਰਾਜ ਸਿੰਘ ਗੋਂਦਾਰਾ)-ਕੇਂਦਰ ਸਰਕਾਰ ਨੇ ਝੋਨੇ ਸਮੇਤ ਸਾਉਣੀ ਦੀਆਂ ਕੁਝ ਹੋਰ ਫਸਲਾਂ ਦੇ ਭਾਅ 'ਚ ਮਾਮੂਲੀ ਵਾਧਾ ਕਰਕੇ ਦੇਸ਼ ਦੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ | ਕੇਂਦਰ ਸਰਕਾਰ ਦਾ ਇਹ ਕਹਿਣਾ ਕਿ ਇਹ ਵਾਧਾ ਸੀ-2.50 ਫ਼ੀਸਦੀ ਦੇ ਫ਼ਾਰਮੂਲੇ ਤਹਿਤ ਕੀਤਾ ਗਿਆ ਹੈ ਜਦੋਂ ਇਸ ਦਾ ਇਸ ਫ਼ਾਰਮੂਲੇ ਨਾਲ ਕੋਈ ਸਰੋਕਾਰ ਨਹੀਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਗੁਰੂਸਰ ਨੇ ਕਰਦਿਆਂ ਕਿਹਾ ਕਿ ਜੇਕਰ ਦੇਸ਼ 'ਚ ਵੱਧ ਰਹੀ ਮਹਿੰਗਾਈ 'ਤੇ ਨਜ਼ਰ ਮਾਰੀ ਜਾਵੇ ਤਾਂ ਉਸ ਅਨੁਸਾਰ ਝੋਨੇ ਦੇ ਭਾਅ 'ਚ 72 ਰੁਪਏ ਪ੍ਰਤੀ ਕੁਇੰਟਲ ਦਾ ਮਾਮੂਲੀ ਵਾਧਾ ਕਿਸਾਨਾਂ ਲਈ ਕੋਈ ਮਾਅਨੇ ਨਹੀਂ ਰੱਖਦਾ | ਉਨ੍ਹਾਂ ਕਿਹਾ ਕਿ ਦੇਸ਼ ਤੇ ਖਾਸਕਰ ਪੰਜਾਬ ਦੇ ਕਿਸਾਨ ਨੇ ਦੇਸ਼ ਦਾ ਹਰ ਮੁਸ਼ਕਿਲ 'ਚ ਡੱਟਵਾਂ ਸਾਥ ਦਿੱਤਾ ਹੈ | ਉਨ੍ਹਾਂ ਚੰਡੀਗੜ੍ਹ ਵੱਲ ਜਾਂਦੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ 'ਤੇ ਕੀਤੇ ਸਰਕਾਰੀ ਜਬਰ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ | ਇਸ ਮੌਕੇ ਜ਼ਿਲ੍ਹਾ ਸਕੱਤਰ ਅਮਰੀਕ ਸਿੰਘ, ਗੁਰਪ੍ਰੀਤ ਸਿੰਘ ਚੀਨਾ, ਰਣਦੀਪ ਸਿੰਘ, ਅਵਤਾਰ ਸਿੰਘ, ਬਲਤੇਜ ਸਿੰਘ, ਸੂਰਜ ਭਾਨ ਆਦਿ ਆਗੂ ਹਾਜ਼ਰ ਸਨ |