26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਇੰਪੀਰੀਅਲ ਇੰਟਰਨੈਸ਼ਨਲ ਸਕੂਲ 'ਚ 'ਪੈਨਸਿਲ ਤੋਂ ਪ੍ਰੋਂਪਟ ਤੱਕ' ਵਿਸ਼ੇ 'ਤੇ ਸੈਮੀਨਾਰ ਆਯੋਜਿਤ

ਅਜੀਤ ਡੈਸਕ 18-05-2026
ਅਬੋਹਰ, 17 ਮਈ (ਵਿਵੇਕ ਹੂੜੀਆ)-ਸਥਾਨਕ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਵਿਖੇ 'ਮੈਂਟਰਜ਼ ਟਾਂਕ' ਦੇ ਤਹਿਤ 'ਪੈਨਸਿਲ ਤੋਂ ਪ੍ਰੋਂਪਟ ਤੱਕ' ਵਿਸ਼ੇ 'ਤੇ ਇਕ ਪ੍ਰਭਾਵਸ਼ਾਲੀ ਅਤੇ ਵਿਚਾਰ-ਉਤੇਜਕ ਸੈਸ਼ਨ ਦਾ ਆਯੋਜਨ ਕੀਤਾ ਗਿਆ | ਇਹ ਵਿਸ਼ੇਸ਼ ਚਰਚਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿਚ ਬਦਲ ਰਹੀ ਸਿੱਖਿਆ, ਹੋਮ-ਵਰਕ ਦੇ ਬਦਲਦੇ ਸਰੂਪ ਅਤੇ ਪਾਲਣ-ਪੋਸਣ ਦੀ ਨਵੀਂ ਸੋਚ 'ਤੇ ਕੇਂਦਰਿਤ ਰਹੀ | ਇਸ ਮੌਕੇ ਕਰਵਾਈ ਗਈ ਵਿਚਾਰ-ਚਰਚਾ ਵਿਚ ਸਕੂਲ ਦੀ ਸੀਨੀਅਰ ਕੋਆਰਡੀਨੇਟਰ ਕੁਮਾਰੀ ਪਿ੍ਅੰਕਾ ਰਾਣੀ, ਪ੍ਰਾਇਮਰੀ ਅਧਿਆਪਕਾ ਸ਼੍ਰੀਮਤੀ ਬਬੀਤਾ, ਪੇਰੈਂਟ-ਕਮ-ਟੀਚਰ ਸ਼੍ਰੀਮਤੀ ਨੀਲ ਕਮਲ ਅਤੇ ਮਦਰ-ਟੀਚਰ ਸ਼੍ਰੀਮਤੀ ਵੀਰਪਾਲ ਕੌਰ ਨੇ ਆਪਣੇ ਵਿਚਾਰ ਸਾਂਝੇ ਕੀਤੇ | ਚਰਚਾ ਦੌਰਾਨ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਅੱਜ ਦੇ ਸਮੇਂ ਵਿਚ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ ਰਹਿ ਗਈ ਹੈ ਸਗੋਂ ਇਹ ਤਕਨਾਲੋਜੀ, ਰਚਨਾਤਮਿਕਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਸੁਮੇਲ ਨਾਲ ਅੱਗੇ ਵਧ ਰਹੀ ਹੈ | ਬੁਲਾਰਿਆਂ ਨੇ ਕਿਹਾ ਕਿ ਏ.ਆਈ. ਦੇ ਦੌਰ ਵਿਚ ਬੱਚਿਆਂ ਨੂੰ ਸਿਰਫ਼ ਜਾਣਕਾਰੀ ਦੇਣਾ ਹੀ ਕਾਫ਼ੀ ਨਹੀਂ ਹੈ ਸਗੋਂ ਉਨ੍ਹਾਂ ਨੂੰ ਸਹੀ ਦਿਸ਼ਾ, ਸੋਚਣ ਦੀ ਸਮਰੱਥਾ ਅਤੇ ਜ਼ਿੰਮੇਵਾਰਾਨਾ ਡਿਜੀਟਲ ਵਿਹਾਰ ਸਿਖਾਉਣਾ ਵੀ ਬੇਹੱਦ ਜ਼ਰੂਰੀ ਹੈ | ਸੈਸ਼ਨ ਵਿਚ ਮਾਪਿਆਂ ਅਤੇ ਅਧਿਆਪਕਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਬਦਲਦੇ ਸਮੇਂ ਦੇ ਨਾਲ ਰਵਾਇਤੀ ਪੜ੍ਹਾਉਣ ਦੇ ਤਰੀਕਿਆਂ ਵਿਚ ਸਕਾਰਾਤਮਿਕ ਬਦਲਾਅ ਲਿਆਉਣਾ ਲਾਜ਼ਮੀ ਹੈ, ਤਾਂ ਜੋ ਬੱਚੇ ਭਵਿੱਖ ਦੀਆਂ ਚੁਨੌਤੀਆਂ ਲਈ ਤਿਆਰ ਹੋ ਸਕਣ | ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਨੇ ਕਿਹਾ ਕਿ ਅੱਜ ਦੀ ਸਿੱਖਿਆ ਵਿਚ ਤਕਨਾਲੋਜੀ ਦੀ ਮਹੱਤਤਾ ਲਗਾਤਾਰ ਵਧ ਰਹੀ ਹੈ ਪਰ ਮਨੁੱਖੀ ਕਦਰਾਂ-ਕੀਮਤਾਂ ਅਤੇ ਰਚਨਾਤਮਿਕ ਸੋਚ ਹਮੇਸ਼ਾ ਸਭ ਤੋਂ ਮਹੱਤਵਪੂਰਨ ਰਹਿਣਗੀਆਂ | ਅਜਿਹੇ ਸੰਵਾਦ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ | ਦੂਜੇ ਪਾਸੇ ਪਿ੍ੰਸੀਪਲ ਰਵੀ ਕੁਮਾਰ ਨੇ ਕਿਹਾ ਕਿ ਏ.ਆਈ ਦੇ ਇਸ ਦੌਰ ਵਿਚ ਅਧਿਆਪਕਾਂ ਅਤੇ ਮਾਪਿਆਂ ਦੀ ਭੂਮਿਕਾ ਹੋਰ ਵੀ ਅਹਿਮ ਹੋ ਗਈ ਹੈ | ਬੱਚਿਆਂ ਨੂੰ ਸਹੀ ਮਾਰਗ ਦਰਸ਼ਨ ਅਤੇ ਸੰਤੁਲਿਤ ਸਿੱਖਿਆ ਦੇਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ | ਇਸ ਪ੍ਰਕਾਰ ਦੇ ਸੰਵਾਦ ਸਿੱਖਿਆ ਨੂੰ ਵਧੇਰੇ ਪ੍ਰਭਾਵਸ਼ਾਲੀ, ਆਧੁਨਿਕ ਅਤੇ ਮੁੱਲ-ਅਧਾਰਿਤ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ |
ਪਿਛਲੀ ਖ਼ਬਰ ਕਾਂਗਰਸ ਹਾਈਕਮਾਂਡ ਵਲੋਂ ਚੇਅਰਮੈਨ ਕੰਵਲ ਕਾਲੜਾ ਨੂੰ ਵਾਰਡ ਨੰਬਰ 8 ਤੋਂ ਉਮੀਦਵਾਰ ਐਲਾਨਿਆ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਵਲੋਂ 18 ਮਈ ਨੂੰ ਐਕਸੀਅਨ ਦਫ਼ਤਰ ਅੱਗੇ ਰੋਸ ਧਰਨਾ ਦੇਣ ਸਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।