ਫ਼ਾਜ਼ਿਲਕਾ, 17 ਮਈ (ਅਮਰਜੀਤ ਸ਼ਰਮਾ)-ਕਾਂਗਰਸ ਪਾਰਟੀ ਲਈ ਲੰਬੇ ਸਮੇਂ ਤੋਂ ਨਿਸ਼ਕਾਮ ਸੇਵਾਵਾਂ ਨਿਭਾ ਰਹੇ ਸੀਨੀਅਰ ਆਗੂ ਚੇਅਰਮੈਨ ਕੰਵਲ ਕਾਲੜਾ ਨੂੰ ਪਾਰਟੀ ਹਾਈਕਮਾਂਡ ਵਲੋਂ ਵਾਰਡ ਨੰਬਰ 8 ਤੋਂ ਚੋਣ ਮੈਦਾਨ ਵਿਚ ਉਤਾਰਦਿਆਂ ਟਿਕਟ ਦੇ ਕੇ ਨਿਵਾਜਿਆ ਗਿਆ ਹੈ | ਚੇਅਰਮੈਨ ਕੰਵਲ ਕਾਲੜਾ ਨੂੰ ਪਾਰਟੀ ਹਾਈਕਮਾਂਡ ਅਤੇ ਹਲਕੇ ਦੀ ਸਮੁੱਚੀ ਲੀਡਰਸ਼ਿਪ ਵਲੋਂ ਪੂਰਨ ਸਮਰਥਨ ਹਾਸਿਲ ਹੈ | ਪਾਰਟੀ ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਪਾਲ ਸਿੰਘ ਖਹਿਰਾ, ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ, ਹੰਸ ਰਾਜ ਜੋਸਨ, ਰਾਜ ਬਖ਼ਸ਼ ਕੰਬੋਜ, ਬਲਾਕ ਪ੍ਰਧਾਨ ਮਨਜਿੰਦਰ ਸ਼ੀਨਾ ਅਤੇ ਚਰਨਜੀਤ ਸਰਪੰਚ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਅਤੇ ਸਥਾਨਕ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਨੇ ਚੇਅਰਮੈਨ ਕਾਲੜਾ ਦੀ ਉਮੀਦਵਾਰੀ 'ਤੇ ਮੋਹਰ ਲਗਾਉਂਦਿਆਂ ਉਨ੍ਹਾਂ ਨੂੰ ਜਿਤਾਉਣ ਦਾ ਅਹਿਦ ਲਿਆ ਹੈ | ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਕੰਵਲ ਕਾਲੜਾ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਵਾਰਡ ਵਾਸੀਆਂ ਦੀ ਹਰ ਸੰਭਵ ਮਦਦ ਲਈ 24 ਘੰਟੇ ਤਿਆਰ ਹਨ | ਉਨ੍ਹਾਂ ਭਰੋਸਾ ਦਿਵਾਇਆ ਕਿ ਵਾਰਡ ਦੇ ਕਿਸੇ ਵੀ ਨਾਗਰਿਕ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਪੱਖਪਾਤ ਦੇ ਕਾਂਗਰਸ ਪਾਰਟੀ ਦਾ ਸਾਥ ਦੇਣ ਅਤੇ ਆਪਣੇ ਵਾਰਡ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਨੂੰ ਕੌਂਸਲਰ ਬਣਾ ਕੇ ਸੇਵਾ ਦਾ ਮੌਕਾ ਦੇਣ |