ਬਰਗਾੜੀ, 17 ਮਈ (ਲਖਵਿੰਦਰ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਬੀ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਅਨੋਖ ਢਿਲਵਾਂ ਕਲਾਂ ਨੇ ਕਿਹਾ ਕਿ ਸੱਤਾਧਾਰੀ ਧਿਰ ਪੂਰੇ ਪੰਜਾਬ ਵਿਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਵਿਚ ਆਪਣੀ ਪ੍ਰਤੱਖ ਹਾਰ ਨੂੰ ਦੇਖਦਿਆਂ ਵਿਰੋਧੀਆਂ ਨਾਲ ਸ਼ਰੇ੍ਹਆਮ ਧੱਕਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਆਪਣੇ ਕੀਤੇ ਕੰਮਾਂ 'ਤੇ ਇੰਨਾ ਹੀ ਵਿਸ਼ਵਾਸ ਹੈ ਤਾਂ ਸਰਕਾਰ ਪੂਰਨ ਤੌਰ 'ਤੇ ਸ਼ਾਂਤਮਈ ਚੋਣਾਂ ਕਿਉਂ ਨਹੀਂ ਕਰਵਾ ਰਹੀ | ਸੱਤਾਧਾਰੀ ਧਿਰ ਕੰਧ 'ਤੇ ਲਿਖਿਆ ਪੜ੍ਹ ਚੁੱਕੀ ਹੈ ਕਿ ਜੇਕਰ ਚੋਣਾਂ ਪੂਰੇ ਨਿਰਪੱਖ ਤਰੀਕੇ ਨਾਲ ਹੋਣਗੀਆਂ ਤਾਂ ਸੱਤਾਧਾਰੀ ਧਿਰ ਦੀ ਭਾਰੀ ਹਾਰ ਹੋ ਸਕਦੀ ਹੈ | ਸੱਤਾਧਾਰੀ ਧਿਰ ਨੇ ਪਹਿਲਾਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਵੀ ਵਿਰੋਧੀਆਂ ਨਾਲ ਰੱਜ ਕੇ ਧੱਕਾ ਕੀਤਾ ਪ੍ਰੰਤੂ ਫਿਰ ਵੀ ਬਹੁਤ ਥਾਵਾਂ 'ਤੇ ਸੱਤਾਧਾਰੀ ਧਿਰ ਦੀ ਬੁਰੀ ਹਾਰ ਹੋਈ | ਸੱਤਾਧਾਰੀ ਧਿਰ ਨੂੰ ਜੇਕਰ ਆਪਣੇ 'ਤੇ ਮਾਣ ਹੈ ਤਾਂ ਵਿਰੋਧੀਆਂ ਦੇ ਕਾਗਜ਼ ਆਦਿ ਕਿਉਂ ਰੱਦ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜੈਤੋ ਨਗਰ ਕੌਂਸਲ ਦੇ ਵਾਰਡ ਨੰਬਰ ਇਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲਖਵਿੰਦਰ ਸਿੰਘ ਲੱਖਾ ਦੀ ਧਰਮਪਤਨੀ ਮਨਜੀਤ ਕੌਰ ਅਤੇ ਕਾਂਗਰਸੀ ਉਮੀਦਵਾਰ ਦੇ ਕਾਗਜ਼ ਰੱਦ ਕਰਵਾਕੇ ਸ਼ਰੇ੍ਹਆਮ ਧੱਕਾ ਕੀਤਾ ਗਿਆ | ਪੰਜਾਬ ਦੇ ਲੋਕ ਚੋਣ ਜਾਬਤਾ ਲੱਗਣ ਉਪਰੰਤ ਇਸ ਧੱਕੇਸ਼ਾਹੀ ਦਾ ਵਿਧਾਨ ਸਭਾ ਚੋਣਾਂ ਵਿਚ ਠੋਕ ਕੇ ਜਵਾਬ ਦੇਣਗੇ ਅਤੇ ਸੱਤਾਧਾਰੀ ਧਿਰ ਨੂੰ ਭੱਜਣ ਲਈ ਰਾਹ ਨਹੀਂ ਲੱਭੇਗਾ |