ਜੈਤੋ, 17 ਮਈ (ਗੁਰਚਰਨ ਸਿੰਘ ਗਾਬੜੀਆ)-ਆਪ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਜਦ ਕਿ ਪੰਜਾਬ ਦਾ ਮੁਲਾਜ਼ਮ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿਨ-ਰਾਤ ਸੰਘਰਸ਼ ਕਰ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਕਮੇਟੀ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਇੱਥੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਬੀਬੀਆਂ ਦੇ ਹੱਥ ਵੀ ਖਾਲੀ ਹਨ ਜਿਨ੍ਹਾਂ ਨੂੰ 1000 ਤੇ 1500 ਰੁਪਏ ਕ੍ਰਮਵਾਰ ਜਰਨਲ ਤੇ ਐਸ.ਸੀ ਵਰਗ ਦੀਆਂ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਜੈਤੋ ਸ਼ਹਿਰ ਦੀਆਂ ਨਗਰ ਕੌਂਸਲ ਦੀਆਂ ਚੋਣਾਂ ਵਿਚ 16 ਉਮੀਦਵਾਰ ਕਾਂਗਰਸ ਪਾਰਟੀ ਵਲੋਂ ਖੜ੍ਹੇ ਕੀਤੇ ਗਏ ਹਨ ਜਦ ਕਿ ਸ਼ਹਿਰ ਦੇ ਕੁੱਲ 17 ਵਾਰਡ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ਨਿਵਾਸੀ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਪੰਸਦ ਕਰਦੇ ਹਨ ਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿਚ ਜਿਤਾ ਕੇ ਪ੍ਰਧਾਨਗੀ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਸੌਂਪਣਗੇ | ਉਨ੍ਹਾਂ ਕਿਹਾ ਕਿ ਆਪ ਸਰਕਾਰ ਦੌਰਾਨ ਸ਼ਹਿਰ ਦਾ ਵਿਕਾਸ ਕਾਰਜ ਰੁਕਿਆ ਪਿਆ ਹੈ ਤੇ ਪਿੰਡਾਂ ਦੀਆਂ ਸੜਕਾਂ ਅਤੇ ਸ਼ਹਿਰ ਨੂੰ ਮਿਲਾਉਣ ਵਾਲੀਆਂ ਸੜਕਾਂ ਦੇ ਅਧੂਰੇ ਪਏ ਵਿਕਾਸ ਕੰਮਾਂ ਨੂੰ ਲੋਕ ਚੰਗੀ ਤਰ੍ਹਾਂ ਜਾਣੂ ਹਨ | ਇਸ ਮੌਕੇ ਜਗਜੀਤ ਸਿੰਘ ਪ੍ਰਧਾਨ, ਸੱਤਾ ਭਾਊ ਕਾਸਮ ਭੱਟੀ, ਰਾਜਵਿੰਦਰ ਸਿੰਘ ਰਾਜ ਭੁੱਲਰ ਰੋੜੀਕਪੂਰਾ, ਰਣਬੀਰ ਸਿੰਘ ਸਾਬਕਾ ਕੌਂਸਲਰ ਅਤੇ ਗਰੀਬ ਦਾਸ ਆਦਿ ਹਾਜ਼ਰ ਸਨ |