ਮਲੋਟ, 17 ਮਈ (ਪਾਟਿਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ 12ਵੀ ਦੇ ਨਾਨ ਮੈਡੀਕਲ ਦੇ ਵਿਦਿਆਰਥੀ ਯੁਵਰਾਜ ਪੁੱਤਰ ਸੰਜੀਵ ਕੁਮਾਰ ਨੇ 500 ਵਿਚੋਂ 472 (94.4 ਫ਼ੀਸਦੀ) ਅੰਕ ਪ੍ਰਾਪਤ ਕਰਕੇ ਮਲੋਟ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਸ ਸ਼ਾਨਦਾਰ ਪ੍ਰਾਪਤੀ ਬਦਲੇ ਸਮਾਜ ਸੇਵੀ ਸੰਸਥਾਵਾਂ ਵਲੋਂ ਯੁਵਰਾਜ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਨੇ ਮੁੱਖ ਦਫ਼ਤਰ ਕੈਰੋ ਰੋਡ ਮਲੋਟ ਵਿਖੇ ਯੁਵਰਾਜ ਦਾ ਸਨਮਾਨ ਕਰਦਿਆਂ ਯੁਵਰਾਜ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਮਾਪਿਆਂ ਨੂੰ ਵਧਾਈ ਦਿੱਤੀ | ਯੁਵਰਾਜ ਨੇ ਕਿਹਾ ਕਿ ਉਹ ਆਈ.ਏ.ਐਸ ਬਣਨਾ ਚਾਹੁੰਦਾ ਹੈ | ਇਸ ਮੌਕੇ ਪ੍ਰਧਾਨ ਸਰੂਪ ਸਿੰਘ, ਪ੍ਰਧਾਨ ਜਸਵਿੰਦਰ ਸਿੰਘ ਵਾਲੀਆ, ਪ੍ਰਧਾਨ ਦੇਸ਼ਰਾਜ ਸਿੰਘ, ਪਵਨ ਨੰਬਰਦਾਰ ਅਤੇ ਸਮਾਨ ਸੇਵੀ ਮੌਜੂਦ ਸਨ |