17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਮੱਛਰਾਂ ਦੀ ਭਰਮਾਰ ਨੇ ਕੀਤਾ ਲੋਕਾਂ ਦੇ ਨੱਕ ਵਿਚ ਦਮ, ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਹੋਇਆ ਮੁਸ਼ਕਿਲ

ਅਜੀਤ ਡੈਸਕ 19-05-2026
ਠੱਠੀ ਭਾਈ, 18 ਮਈ (ਜਗਰੂਪ ਸਿੰਘ ਮਠਾੜੂ)-ਇਲਾਕੇ ਦੇ ਪਿੰਡਾਂ ਵਿਚ ਮੱਛਰਾਂ ਦੀ ਦਿਨੋ ਦਿਨ ਵਧ ਰਹੀ ਭਰਮਾਰ ਕਾਰਨ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਹਾਲਾਤ ਇਹ ਬਣ ਗਏ ਹਨ ਕਿ ਸ਼ਾਮ ਢਲਦੇ ਹੀ ਲੋਕਾਂ ਦਾ ਘਰਾਂ ਤੋਂ ਬਾਹਰ ਬੈਠਣਾ ਮੁਸ਼ਕਲ ਹੋ ਗਿਆ ਹੈ, ਜਦ ਕਿ ਘਰਾਂ ਦੇ ਅੰਦਰ ਵੀ ਮੱਛਰਾਂ ਤੋਂ ਰਾਹਤ ਨਹੀਂ ਮਿਲ ਰਹੀ | ਮੱਛਰਾਂ ਦੀ ਵਧ ਰਹੀ ਗਿਣਤੀ ਕਾਰਨ ਲੋਕਾਂ ਵਿਚ ਡੇਂਗੂ, ਮਲੇਰੀਆ ਅਤੇ ਵਾਇਰਲ ਬੁਖ਼ਾਰ ਵਰਗੀਆਂ ਬਿਮਾਰੀਆਂ ਵਧਣ ਦਾ ਡਰ ਲਗਾਤਾਰ ਵਧਦਾ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਗਲੀਆਂ ਅਤੇ ਨਾਲਿਆਂ ਵਿਚ ਖੜ੍ਹਾ ਗੰਦਾ ਪਾਣੀ ਮੱਛਰਾਂ ਦੇ ਪੈਦਾ ਹੋਣ ਦਾ ਮੁੱਖ ਕਾਰਨ ਬਣਿਆ ਹੋਇਆ ਹੈ | ਕਈ ਥਾਵਾਂ 'ਤੇ ਸੀਵਰੇਜ ਅਤੇ ਛੱਪੜਾਂ ਦਾ ਗੰਦਾ ਪਾਣੀ ਲੰਬੇ ਸਮੇਂ ਤੋਂ ਖੜ੍ਹਾ ਹੋਣ ਕਾਰਨ ਮੱਛਰਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ | ਲੋਕਾਂ ਨੇ ਦੱਸਿਆ ਕਿ ਦਿਨ ਦੇ ਸਮੇਂ ਤਾਂ ਕਿਸੇ ਤਰ੍ਹਾਂ ਗੁਜ਼ਾਰਾ ਹੋ ਜਾਂਦਾ ਹੈ, ਪਰ ਜਿਵੇਂ ਹੀ ਸ਼ਾਮ ਹੁੰਦੀ ਹੈ ਤਾਂ ਮੱਛਰਾਂ ਦੇ ਝੁੰਡ ਲੋਕਾਂ 'ਤੇ ਹਮਲਾ ਕਰਦੇ ਦਿਖਾਈ ਦਿੰਦੇ ਹਨ | ਬੱਚਿਆਂ ਅਤੇ ਬਜ਼ੁਰਗਾਂ ਲਈ ਇਹ ਸਮੱਸਿਆ ਹੋਰ ਵੀ ਗੰਭੀਰ ਬਣ ਗਈ ਹੈ | ਮਾਪਿਆਂ ਦਾ ਕਹਿਣਾ ਹੈ ਕਿ ਛੋਟੇ ਬੱਚੇ ਮੱਛਰਾਂ ਦੇ ਕੱਟਣ ਕਾਰਨ ਰਾਤ ਸਮੇਂ ਢੰਗ ਨਾਲ ਨੀਂਦ ਵੀ ਨਹੀਂ ਲੈ ਸਕਦੇ | ਦੂਜੇ ਪਾਸੇ ਬਜ਼ੁਰਗ ਅਤੇ ਬਿਮਾਰ ਵਿਅਕਤੀ ਵੀ ਮੱਛਰਾਂ ਦੀ ਭਰਮਾਰ ਕਾਰਨ ਕਾਫੀ ਪਰੇਸ਼ਾਨ ਹਨ | ਲੋਕਾਂ ਨੂੰ ਮੱਛਰਾਂ ਤੋਂ ਬਚਾਅ ਲਈ ਮੱਛਰ ਮਾਰ ਦਵਾਈਆਂ, ਕਰੀਮਾਂ ਅਤੇ ਧੂਪਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਖ਼ਰਚਿਆਂ ਵਿਚ ਵੀ ਵਾਧਾ ਹੋ ਰਿਹਾ ਹੈ | ਇਲਾਕਾ ਨਿਵਾਸੀਆਂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਮੱਛਰਾਂ ਦੀ ਰੋਕਥਾਮ ਲਈ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕੇ ਜਾ ਰਹੇ | ਲੰਮੇ ਸਮੇਂ ਤੋਂ ਪਿੰਡਾਂ ਅਤੇ ਕਸਬਿਆਂ ਵਿਚ ਫੌਗਿੰਗ ਨਹੀਂ ਹੋਈ, ਜਿਸ ਕਾਰਨ ਮੱਛਰਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਫੌਗਿੰਗ ਅਤੇ ਸਫ਼ਾਈ ਪ੍ਰਬੰਧਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਬਿਮਾਰੀਆਂ ਫੈਲਣ ਦਾ ਖ਼ਤਰਾ ਹੋਰ ਵੀ ਵਧ ਸਕਦਾ ਹੈ | ਸਮਾਜ ਸੇਵੀ ਆਗੂਆਂ, ਸ਼ੇਰ-ਏ ਪੰਜਾਬ ਸਪੋਰਟਸ ਅਤੇ ਵੈੱਲਫੇਅਰ ਕਲੱਬ ਠੱਠੀ ਭਾਈ ਦੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਪਿੰਡਾਂ ਅਤੇ ਕਸਬਿਆਂ ਵਿਚ ਫੌਗਿੰਗ ਕਰਵਾਈ ਜਾਵੇ, ਗੰਦੇ ਨਾਲਿਆਂ ਅਤੇ ਛੱਪੜਾਂ ਦੀ ਸਫ਼ਾਈ ਕਰਵਾਈ ਜਾਵੇ ਅਤੇ ਖੜ੍ਹੇ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ |
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਬੀ.ਫਾਰਮ ਦੇ ਵਿਦਿਆਰਥੀਆਂ ਲਈ ਸ਼ਾਨਦਾਰ ਵਿਦਾਇਗੀ ਪਾਰਟੀ <br/> ਅਗਲੀ ਖ਼ਬਰ ਲੰਗੇਆਣਾ ਡਰੇਨ ਸਫ਼ਾਈ ਦੇ ਬਾਵਜੂਦ ਅਜੇ ਵੀ ਕਲਾਲ ਬੂਟੀ ਤੇ ਗਾਰ ਨਾਲ ਭਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।