ਮਲੋਟ, 19 ਮਈ (ਪਾਟਿਲ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਗਰ ਪਾਲਕਾ ਅਤੇ ਨਗਰ ਨਿਗਮ ਦੀਆਂ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚਾੜੇ੍ਹਗੀ | ਇਸ ਤੋਂ ਪਹਿਲਾਂ ਪੰਜਾਬ ਵਿਚ ਪੰਚਾਇਤੀ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਿ੍ਹਆ ਹੈ | ਇਹ ਪ੍ਰਗਟਾਵਾ ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਮਲੋਟ ਵਿਖੇ ਪੱਤਰਕਾਰਾਂ ਨਾਲ ਪ੍ਰੈੱਸ ਕਾਨਫ਼ਰੰਸ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਬੀਤੇ ਦਿਨ ਨਗਰ ਕੌਂਸਲ ਮਲੋਟ ਦੀਆਂ ਚੋਣਾਂ ਲਈ ਉਮੀਦਵਾਰਾਂ ਦੇ ਕਾਗ਼ਜ਼ਾਂ ਦੀ ਪੜਤਾਲ ਤੋਂ ਬਾਅਦ ਸੰਬੰਧਿਤ ਆਰ.ਓ. ਵਲੋਂ ਇਤਰਾਜ ਲਗਾ ਕੇ ਜੋ ਫਾਰਮ ਰੱਦ ਕੀਤੇ ਗਏ ਹਨ, ਇਸ ਨਾਲ ਆਮ ਆਦਮੀ ਪਾਰਟੀ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਸ ਲੰਬੰਧ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਜੋ ਦੋਸ਼ ਸਰਕਾਰ ਦੇ ਵਿਰੁੱਧ ਧੱਕੇਸ਼ਾਹੀ ਤੇ ਕਾਗ਼ਜ਼ ਰੱਦ ਕਰਨ ਦੇ ਲਗਾਏ ਗਏ ਹਨ, ਇਹ ਬਿਲਕੁਲ ਝੂਠੇ ਤੇ ਬੇਬੁਨਿਆਦ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵਲੋਂ ਪੰਜਾਬ ਵਿਚ ਨਗਰ ਪਾਲਕਾ ਅਤੇ ਨਗਰ ਨਿਗਮ ਦੀ ਚੋਣਾਂ ਪੂਰਾ ਅਮਨ-ਅਮਾਨ ਨਾਲ ਕਰਵਾਈਆਂ ਜਾਣਗੀਆਂ ਅਤੇ ਕਿਸੇ ਕਿਸਮ ਕਿਸੇ ਵੀ ਪਾਰਟੀ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ | ਉਨ੍ਹਾਂ ਦੱਸਿਆ ਕਿ ਵਿਰੋਧੀ ਪਾਰਟੀਆਂ ਵਲੋਂ ਭਾਈਚਾਰਕ ਸਾਂਝ ਨੂੰ ਖ਼ਤਮ ਕਰਨ ਲਈ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ | ਬੀਤੇ ਦਿਨੀਂ ਜੋ ਵਿਰੋਧੀ ਪਾਰਟੀ ਕਾਂਗਰਸ ਵਲੋਂ ਗੁੰਡਾਗਰਦੀ ਵਾਲਾ ਮਾਹੌਲ ਬਣਾਇਆ ਗਿਆ ਸੀ, ਇਹ ਬਹੁਤ ਨਿੰਦਣਯੋਗ ਹੈ | ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਕਿਸੇ ਨੂੰ ਕਿਸੇ ਵੀ ਕੀਮਤ 'ਤੇ ਚੋਣਾਂ ਦਾ ਮਾਹੌਲ ਖ਼ਰਾਬ ਨਹੀਂ ਕਰਨ ਦਿੱਤਾ ਜਾਵੇਗਾ |