24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸੇਵਾ ਕੇਂਦਰ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ

ਅਜੀਤ ਡੈਸਕ 05-06-2026

ਫ਼ਰੀਦਕੋਟ, 4 ਜੂਨ (ਸਰਬਜੀਤ ਸਿੰਘ)-ਪੰਜਾਬ ਭਰ ਵਿਚ ਚੱਲ ਰਹੀ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀ ਹੜਤਾਲ ਅੱਜ ਪੰਜਵੇਂ ਦਿਨ ਵੀ ਜਾਰੀ ਰਹੀ | ਜ਼ਿਲ੍ਹਾ ਫ਼ਰੀਦਕੋਟ ਦੇ ਸੇਵਾ ਕੇਂਦਰ ਦੇ ਮੁਲਾਜ਼ਮਾਂ ਵਲੋਂ ਹੜਤਾਲ ਕੀਤੀ ਹੋਈ ਅਤੇ ਸਾਰਾ ਕੰਮਕਾਰ ਬੰਦ ਕਰਕੇ ਸਥਾਨਕ ਮਿੰਨੀ ਸਕੱਤਰੇਤ ਵਿਖੇ ਸੇਵਾ ਕੇਂਦਰ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਲਗਾਇਆ ਗਿਆ ਹੈ | ਜ਼ਿਲ੍ਹੇ ਭਰ ਦੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਠੇਕੇਦਾਰੀ ਸਿਸਟਮ ਖਤਮ ਕਰਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਅਧੀਨ ਲੈਣ ਦੀ ਮੰਗ ਕੀਤੀ | ਪੰਜ ਦਿਨਾਂ ਤੋਂ ਬੰਦ ਪਏ ਜ਼ਿਲ੍ਹੇ ਭਰ ਦੇ ਸੇਵਾ ਕੇਂਦਰਾਂ ਕਾਰਨ ਆਮ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਵਲੋਂ ਆਪਣੇ ਜ਼ਰੂਰੀ ਕੰਮਾਂ ਲਈ ਸੇਵਾ ਕੇਂਦਰਾਂ ਦੇ ਗੇੜੇ ਕੱਢੇ ਜਾ ਰਹੇ ਹਨ, ਪ੍ਰੰਤੂ ਉਨ੍ਹਾਂ ਦੇ ਕੰਮ ਨਾ ਹੋਣ ਕਾਰਨ ਉਨ੍ਹਾਂ ਨੂੰ ਨਿਰਾਸਾ ਦੇ ਆਲਮ ਵਿਚ ਘਰਾਂ ਨੂੰ ਵਾਪਸ ਜਾਣਾ ਪੈ ਰਿਹਾ ਹੈ | ਧਰਨੇ ਨੂੰ ਸੰਬੋਧਨ ਕਰਦੇ ਹੋਏ ਖੁਸ਼ਪ੍ਰੀਤ ਸਿੰਘ ਪ੍ਰਧਾਨ, ਕਰਤਾਰ ਸਿੰਘ ਦਿਓਲ ਮੀਤ ਪ੍ਰਧਾਨ ਅਤੇ ਇਕਬਾਲ ਸਿੰਘ ਨੇ ਕਿਹਾ ਕਿ ਪੰਜਾਬ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਵਿਚ ਠੇਕੇਦਾਰੀ ਸਿਸਟਮ ਖਤਮ ਕਰਨ ਦੇ ਵਾਅਦੇ ਕੀਤੇ ਗਏ ਸਨ, ਪ੍ਰੰਤੂ ਸਰਕਾਰ ਦਾ ਸਮਾਂ ਹੁਣ ਪੂਰਾ ਹੋਣ 'ਤੇ ਆ ਗਿਆ ਹੈ, ਠੇਕੇਦਾਰੀ ਸਿਸਟਮ ਉਵੇਂ ਹੀ ਚਲ ਰਿਹਾ ਹੈ ਅਤੇ ਠੇਕੇਦਾਰ ਮੁਲਾਜ਼ਮਾਂ ਦਾ ਸ਼ੋਸ਼ਨ ਕਰ ਰਹੇ ਹਨ | ਗੁਰਸੇਵਕ ਸਿੰਘ ਤੇ ਕਿ੍ਸ਼ਨ ਸਿੰਘ ਨੇ ਕਿਹਾ ਕਿ ਨਿੱਜੀ ਕੰਪਨੀਆਂ ਵਲੋਂ ਕੰਮ ਦੇ ਅਨੁਸਾਰ ਉਨ੍ਹਾਂ ਤਨਖਾਹ ਨਹੀਂ ਦਿੱਤੀ ਜਾ ਰਹੀ ਹੈ ਅਤੇ ਜਿਹੜੀ ਦਸ ਕੁ ਹਜ਼ਾਰ ਰੁਪਏ ਮਹੀਨੇ ਦੀ ਤਨਖਾਹ ਦਿੱਤੀ ਜਾ ਰਹੀ ਹੈ ਉਹ ਵੀ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ ਹੈ | ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਕਾਰ ਆਪਣੇ ਵਾਅਦੇ ਅਨੁਸਾਰ ਸੇਵਾ ਕੇਂਦਰਾਂ ਨੂੰ ਸਿੱਧੇ ਤੌਰ 'ਤੇ ਸਰਕਾਰ ਅਧੀਨ ਲਿਆ ਜਾਵੇ, ਠੇਕੇਦਾਰੀ ਸਿਸਟਮ ਖਤਮ ਕਰਕੇ ਉਨ੍ਹਾਂ ਨੂੰ ਰੈਗੂਲਰ ਨੌਕਰੀਆਂ ਦਿੱਤੀਆਂ ਜਾਣ | ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਧਰਨੇ ਵਿਚ ਪਹੁੰਚ ਕੇ ਧਰਨੇ ਦਾ ਸਮਰਥਨ ਕੀਤਾ ਅਤੇ ਪੰਜਾਬ ਸਰਕਾਰ ਤੋਂ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਮੰਗ ਕੀਤੀ |

ਪਿਛਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੇ ਐਸ.ਐਸ.ਪੀ ਨਾਲ ਮਿਲਣੀ ਕੀਤੀ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫ਼ੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।