ਗਿੱਦੜਬਾਹਾ, 4 ਜੂਨ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਇਕ ਔਰਤ ਦਾ ਡੋਪ ਟੈੱਸਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਬਰਜਮਾਨਤ ਰਿਹਾਅ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਹੌਲਦਾਰ ਅਮਨਦੀਪ ਸਿੰਘ ਸਾਥੀ ਪੁਲਿਸ ਕਰਮਚਾਰੀਆਂ ਨਾਲ ਦੌਰਾਨ ਗਸ਼ਤ ਜਦੋਂ ਥਰਾਜਵਾਲਾ-ਹੁਸਨਰ ਚੌਰਸਤਾ ਮੇਨ ਰੋਡ ਤੋਂ ਥਰਾਜਵਾਲਾ ਵੱਲ ਜਾ ਰਹੇ ਸਨ, ਤਾਂ ਸੜਕ ਕਿਨਾਰੇ ਇਕ ਔਰਤ ਦਿਖਾਈ ਦਿੱਤੀ | ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਜਦੋਂ ਉਕਤ ਮਹਿਲਾ ਨੂੰ ਕਾਬੂ ਕਰਕੇ ਉਸ ਦਾ ਨਾਂਅ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਕੋਮਲ ਪਤਨੀ ਖੁਸ਼ੀਆ ਰਾਮ ਵਾਸੀ ਨੇੜੇ ਵਰਧਮਾਨ ਢਾਬਾ ਗਿੱਦੜਬਾਹਾ ਦੱਸਿਆ | ਪੁਲਿਸ ਨਾਲ ਗੱਲਬਾਤ ਦੌਰਾਨ ਪੁਲਿਸ ਨੂੰ ਕੋਮਲ ਦੇ ਕਿਸੇ ਨਸ਼ੀਲੀ ਵਸਤੂ ਦਾ ਸੇਵਨ ਕੀਤੇ ਹੋਣ ਬਾਰੇ ਜਾਪਣ ਅਤੇ ਪੁੱਛਣ 'ਤੇ ਉਕਤ ਔਰਤ ਕੋਮਲ ਨੇ ਦੱਸਿਆ ਕਿ ਉਹ ਨਸ਼ੇ ਕਰਨ ਦੀ ਆਦੀ ਹੈ ਅਤੇ ਉਸ ਨੇ ਹੁਣ ਵੀ ਹੈਰੋਇਨ ਦਾ ਨਸ਼ਾ ਕੀਤਾ ਹੋਇਆ ਹੈ | ਉਕਤ ਔਰਤ ਕੋਮਲ ਦਾ ਸਿਵਲ ਹਸਪਤਾਲ ਵਿਖੇ ਡੋਪ ਟੈੱਸਟ ਕਰਵਾਉਣ 'ਤੇ ਉਸ ਦੀ ਰਿਪੋਰਟ ਪਾਜ਼ੀਟਿਵ ਆਈ, ਜਿਸ ਤੋਂ ਬਾਅਦ ਪੁਲਿਸ ਨੇ ਉਕਤ ਔਰਤ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਬਰਜਨਮਾਤ ਰਿਹਾਅ ਕਰ ਦਿੱਤਾ |