ਸ੍ਰੀ ਮੁਕਤਸਰ ਸਾਹਿਬ, 4 ਜੂਨ (ਹਰਮਹਿੰਦਰ ਪਾਲ)-ਇੱਥੋਂ ਬੱਸ ਅੱਡੇ ਕੋਲੋਂ ਸ਼ੁਰੂ ਹੁੰਦੇ ਸ੍ਰੀ ਮੁਕਤਸਰ ਸਾਹਿਬ-ਅਬੋਹਰ ਬਾਈਪਾਸ ਉਪਰ ਸੀਵਰੇਜ ਦਾ ਓਵਰਫਲੋ ਪਾਣੀ ਕੱਢਣ ਵਾਸਤੇ ਪਾਈਆਂ ਪਾਈਪਾਂ ਕਾਰਨ ਸੜਕ ਦਾ ਪਿਛਲੇ ਕਰੀਬ 6 ਮਹੀਨਿਆਂ ਤੋਂ ਬੁਰਾ ਹਾਲ ਹੋ ਗਿਆ ਹੈ | ਪਾਈਪਾਂ ਪਾਉਣ ਵੇਲੇ ਪੁੱਟੀ ਬੱਜਰੀ, ਇੱਟਾਂ ਤੇ ਹੋਰ ਮਲਬਾ ਸੜਕ ਉਪਰ ਹੀ ਪਿਆ ਹੈ, ਜਿਸ ਕਰਕੇ ਅੱਧੀ ਸੜਕ ਬੰਦ ਹੋ ਗਈ ਹੈ | ਮਲਬੇ ਕਾਰਨ ਵਾਹਨਾਂ ਦਾ ਚੱਲਣਾ ਮੁਸ਼ਕਿਲ ਹੋ ਗਿਆ ਹੈ | ਹੈਵੀ ਵਹੀਕਲਾਂ ਦੇ ਪਲਟਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਵਾਹਨਾਂ ਦੇ ਚੱਲਣ ਵਾਸਤੇ ਮਸਾਂ 10 ਕੁ ਫ਼ੁੱਟ ਜਗ੍ਹਾ ਬਚੀ, ਜਿਸ ਕਰਕੇ ਜਾਮ ਲੱਗਿਆ ਰਹਿੰਦਾ ਹੈ | ਹਾਲਾਂਕਿ ਇਸ ਸੜਕ ਉਪਰੋਂ ਅਬੋਹਰ ਵੱਲ, ਦਾਣਾ ਮੰਡੀ ਅਤੇ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵੱਲ ਜਾਣ ਵਾਲਾ ਟ੍ਰੈਫ਼ਿਕ ਭਾਰੀ ਗਿਣਤੀ ਵਿਚ ਲੰਘਦਾ ਰਹਿੰਦਾ ਹੈ | ਇਸ ਕਰਕੇ ਲੋਕਾਂ ਦੀ ਮੰਗ ਹੈ ਕਿ ਸੜਕ ਉਪਰੋਂ ਮਲਬੇ ਨੂੰ ਚੁਕਵਾ ਕੇ ਸੜਕ ਚਾਲੂ ਕੀਤੀ ਜਾਵੇ | ਇਸ ਸੰਬੰਧੀ ਅਧਿਕਾਰੀਆਂ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਉਹ ਠੇਕੇਦਾਰ ਨੂੰ ਫੌਰੀ ਤੌਰ 'ਤੇ ਮਲਬਾ ਚੁਕਵਾ ਕੇ ਸੜਕ ਚਾਲੂ ਕਰਵਾਉਣ ਦੀ ਹਦਾਇਤ ਕਰਨਗੇ |