ਫ਼ਰੀਦਕੋਟ, 23 ਜੂਨ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਹਲਕਾ ਫ਼ਰੀਦਕੋਟ ਵਿਚ ਵਿਭਾਗ ਨਾਲ ਸਬੰਧਿਤ ਵੱਖ-ਵੱਖ ਬਹੁ ਕਰੋੜੀ ਵਿਕਾਸ ਕਾਰਜਾਂ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ। ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਤਲਵੰਡੀ ਰੋਡ ਫ਼ਰੀਦਕੋਟ ਵਿਖੇ ਰਾਜਸਥਾਨ ਫ਼ੀਡਰ ਨਹਿਰ ਦੀ ਬੁਰਜੀ ਨੰਬਰ 195814 ਅਤੇ ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਸਰਹਿੰਦ ਫ਼ੀਡਰ ਨਹਿਰ ਦੀ ਬੁਰਜੀ ਨੰਬਰ 140066 ਉੱਪਰ ਨਵੇਂ ਬਣੇ ਸਿੰਗਲ ਸਪੈਨ ਸਟੀਲ ਪੁਲਾਂ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਸ਼ਹਿਰ ਦੀਆਂ ਦੋ ਮੁੱਖ ਸੜਕਾਂ ਉੱਪਰ ਬਣੇ ਇਹ ਪੁਲ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਗਏ ਹਨ। ਪਹਿਲਾਂ ਇਨ੍ਹਾਂ ਸਥਾਨਾਂ ’ਤੇ ਬਣੇ ਪੁਲ ਲਗਪਗ 60 ਸਾਲ ਪੁਰਾਣੇ ਸਨ, ਜਿਨ੍ਹਾਂ ਕਾਰਨ ਵਧ ਰਹੀ ਟਰੈਫਿਕ ਦੇ ਮੱਦੇਨਜ਼ਰ ਆਵਾਜਾਈ ਵਿਚ ਦਿੱਕਤਾਂ ਆ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਨਵੇਂ ਪੁਲਾਂ ਦੀ ਕੈਰੇਜ ਵੇਅ ਚੌੜਾਈ 7.5 ਮੀਟਰ ਰੱਖੀ ਗਈ ਹੈ ਅਤੇ ਦੋਵੇਂ ਪਾਸਿਆਂ 1.200 ਮੀਟਰ ਚੌੜੇ ਪੈਦਲ ਮਾਰਗ ਵੀ ਬਣਾਏ ਗਏ ਹਨ। ਇਨ੍ਹਾਂ ਪੁਲਾਂ ਦੇ ਨਿਰਮਾਣ ’ਤੇ ਕੁੱਲ 38 ਕਰੋੜ 16 ਲੱਖ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੇ ਬਣਨ ਨਾਲ ਫ਼ਰੀਦਕੋਟ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੀ ਟਰੈਫਿਕ ਸਮੱਸਿਆ ਦਾ ਹੱਲ ਹੋਇਆ ਹੈ ਅਤੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਪ੍ਰਾਪਤ ਹੋਈਆਂ ਹਨ। ਇਸ ਉਪਰੰਤ ਕੈਬਨਿਟ ਮੰਤਰੀ ਨੇ ਪਿੰਡ ਹਸਨਭੱਟੀ ਵਿਖੇ ਨਹਿਰੀ ਮੌਘਾ ਬੁਰਜੀ ਨੰਬਰ 24007 ਤੋਂ ਪਿੰਡ ਹਸਨ ਭੱਟੀ ਅਤੇ ਵਿਧਾਨ ਸਭਾ ਹਲਕਾ ਫ਼ਰੀਦਕੋਟ ਅਧੀਨ 21 ਮੋਘਿਆਂ ਦੇ ਪੱਕੇ ਪਾਣੀ ਦੇ ਖਾਲਿਆਂ ਦਾ ਉਦਘਾਟਨ ਕੀਤਾ। ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨਾਂ ਦੀ ਭਲਾਈ ਅਤੇ ਸੂਬੇ ਦੇ ਸਿੰਚਾਈ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਹਲਕੇ ਵਿਚ ਪੱਕੇ ਪਾਣੀ ਦੇ ਖਾਲਿਆਂ ਦੀ ਉਸਾਰੀ ਨਾਲ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਯਕੀਨੀ ਬਣੀ ਹੈ ਅਤੇ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਫ਼ਰੀਦਕੋਟ ਹਲਕੇ ਨੂੰ ਵਿਕਾਸ ਕਾਰਜਾਂ ਦੀਆਂ ਸੌਗਾਤਾਂ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਗੁਰਤੇਜ ਸਿੰਘ ਖੋਸਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ, ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ, ਐਸ.ਡੀ.ਐਮ. ਫ਼ਰੀਦਕੋਟ ਪੁਨੀਤ ਸ਼ਰਮਾ, ਐਸ.ਸੀ. ਸ੍ਰੀ ਸੰਦੀਪ ਗੋਇਲ, ਐਕਸੀਅਨ ਰਮਨਪ੍ਰੀਤ ਸਿੰਘ ਮਾਨ, ਐਕਸੀਅਨ ਸੰਦੀਪ ਕੰਬੋਜ, ਰਜਿੰਦਰ ਸਿੰਘ ਰਿੰਕੂ ਸਮਾਧਾਂ ਵਾਲਾ, ਪ੍ਰੀਤਮ ਸਿੰਘ ਭਾਣਾ, ਜਗਮੋਹਨ ਸਿੰਘ ਵਿਰਕ ਮੰਡਲ ਭੂਮੀ ਰੱਖਿਆ ਅਫ਼ਸਰ, ਰਾਜਵਿੰਦਰ ਕੌਰ ਮੰਡਲ ਭੂਮੀ ਰੱਖਿਆ ਅਫ਼ਸਰ, ਜਸਪ੍ਰੀਤ ਸਿੰਘ ਭੂਮੀ ਰੱਖਿਆ ਅਫ਼ਸਰ, ਗੁਰਪਿੰਦਰ ਸਿੰਘ ਐਗਰੀਕਲਚਰ ਅਫ਼ਸਰ, ਨੀਲਕਰਨ ਸਿੰਘ ਸੀਨੀਅਰ ਸਹਾਇਕ, ਜਲ ਸਰੋਤ ਵਿਭਾਗ ਅਤੇ ਭੂਮੀ ਤੇ ਜਲ ਸੰਭਾਲ ਵਿਭਾਗ ਦੇ ਅਧਿਕਾਰੀ, ਪੰਚਾਇਤੀ ਨੁਮਾਇੰਦੇ, ਕਿਸਾਨ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਬਹੁ-ਕਰੋੜੀ ਪੁਲਾਂ ਅਤੇ ਪੱਕੇ ਪਾਣੀ ਦੇ ਖਾਲਿਆਂ ਦਾ ਕੀਤਾ ਉਦਘਾਟਨ
ਅਜੀਤ ਡੈਸਕ
24-06-2026