ਫ਼ਰੀਦਕੋਟ, 23 ਜੂਨ (ਜਸਵੰਤ ਸਿੰਘ ਪੁਰਬਾ)-ਦੇਰ ਰਾਤ ਫ਼ਰੀਦਕੋਟ ਕੋਟਕਪੁਰਾ ਰੋਡ ’ਤੇ ਤਿੰਨ ਗੱਡੀਆਂ ਦਾ ਆਪਸ ਵਿਚ ਟਕਰਾਅ ਹੋਣ ਦੇ ਚੱਲਦੇ ਗੱਡੀਆਂ ਦਾ ਕਾਫ਼ੀ ਨੁਕਸਾਨ ਹੋਇਆ। ਗਨੀਮਤ ਰਹੀ ਕਿ ਤਿੰਨੋਂ ਗੱਡੀਆਂ ਦੇ ਚਾਲਕਾਂ ਨੂੰ ਕਿਸੇ ਕਿਸਮ ਦੀ ਕੋਈ ਸੱਟ ਨਹੀਂ ਵੱਜੀ। ਜ਼ਿਕਰਯੋਗ ਹੈ ਕਿ ਘਟਨਾ ਵਾਲੀ ਜਗ੍ਹਾ ’ਤੇ ਕਰੀਬ ਪਿਛਲੇ ਦੋ ਮਹੀਨਿਆਂ ਤੋਂ ਕਿਸਾਨਾਂ ਵਲੋਂ ਬੈਂਕ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ, ਜਿਸ ਦੇ ਚਲਦੇ ਕਿਸਾਨਾਂ ਵਲੋਂ ਸਿੰਗਲ ਰੋਡ ਹੋਣ ਦੇ ਬਾਵਜੂਦ ਅੱਧੀ ਸੜਕ ’ਤੇ ਧਰਨਾ ਲਗਾਇਆ ਹੋਇਆ ਹੈ। ਜਦ ਕਿ ਆਵਾਜਾਈ ਲਈ ਮਹਿਜ਼ ਅੱਧੀ ਸੜਕ ਹੀ ਬਾਕੀ ਬਚੀ ਹੈ, ਜਿਸ ਦੇ ਚਲਦੇ ਇਸ ਜਗ੍ਹਾ ’ਤੇ ਕਾਫ਼ੀ ਭੀੜ ਅਤੇ ਟਰੈਫ਼ਿਕ ਜਾਮ ਦੀ ਵੀ ਸਮੱਸਿਆ ਆਮ ਰਹਿੰਦੀ ਹੈ। ਦੇਰ ਰਾਤ ਇਸੇ ਤਰ੍ਹਾਂ ਹੀ ਵਾਪਰੀ ਘਟਨਾ ਵਿਚ ਇਕ ਥਾਰ ਗੱਡੀ ਅਤੇ ਕਰੇਟਾ ਗੱਡੀ ਸੜਕ ਦੀ ਸਾਈਡ ’ਤੇ ਖੜ੍ਹੀਆਂ ਸਨ ਜਦ ਕਿ ਪਿੱਛੋਂ ਆ ਰਹੀ ਇਕ ਇੰਡੀਕਾ ਗੱਡੀ ਕਰੇਟਾ ਗੱਡੀ ਦੇ ਵਿਚ ਵੱਜੀ ਅਤੇ ਜੋ ਅੱਗੇ ਜਾ ਕੇ ਥਾਰ ਦੇ ਵਿਚ ਵਜੀ ਅਤੇ ਥਾਰ ਅੱਗੇ ਜਾ ਕੇ ਖੰਭੇ ਵਿਚ ਵੱਜੀ, ਜਿਸ ਦੇ ਨਾਲ ਤਿੰਨੋ ਗੱਡੀਆਂ ਦਾ ਕਾਫ਼ੀ ਨੁਕਸਾਨ ਹੋਇਆ। ਸਥਾਨਕ ਲੋਕਾਂ ਨੇ ਦੋਸ਼ ਲਗਾਏ ਕਿ ਕਿਸਾਨਾਂ ਵਲੋਂ ਬੈਂਕ ਦੇ ਬਾਹਰ ਧਰਨਾ ਲਗਾਉਣ ਦੀ ਬਜਾਏ ਅੱਧੀ ਸੜਕ ਨੂੰ ਮੱਲ ਕੇ ਟੈਂਟ ਲਗਾ ਕੇ ਧਰਨਾ ਲਗਾਇਆ ਹੋਇਆ ਜੋ ਦੋ ਮਹੀਨਿਆਂ ਤੋਂ ਚੱਲ ਰਿਹਾ। ਉਨ੍ਹਾਂ ਦੱਸਿਆ ਕਿ ਇਹ ਸਿੰਗਲ ਰੋਡ ਹੈ ਅਤੇ ਉਹ ਵੀ ਹੁਣ ਆਵਾਜਾਈ ਲਈ ਸਿਰਫ਼ ਅੱਧੀ ਹੀ ਬਚੀ ਹੈ, ਜਿਸ ਦੇ ਚਲਦੇ ਆਏ ਦਿਨ ਇੱਥੇ ਕੋਈ ਨਾ ਕੋਈ ਹਾਦਸੇ ਹੁੰਦੇ ਰਹਿੰਦੇ ਹਨ ਤੇ ਟਰੈਫ਼ਿਕ ਜਾਮ ਦੀ ਸਮੱਸਿਆ ਰਹਿੰਦੀ ਹੈ ਅਤੇ ਸਥਾਨਕ ਲੋਕਾਂ ਨੂੰ ਵੀ ਇਸ ਧਰਨੇ ਦੇ ਚੱਲਦੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਧਰਨਾ ਬੈਂਕ ਦੇ ਅੱਗੇ ਲਗਾਉਣ ਨਾ ਕਿ ਸੜਕ ਦੇ ਉੱਤੇ ਬੈਠ ਕੇ ਸੜਕ ਨੂੰ ਜਾਮ ਕਰਨ ਅਤੇ ਲੋਕਾਂ ਨੂੰ ਮੁਸ਼ਕਿਲਾਂ ਦੇ ਵਿਚ ਪਾਉਣ। ਦੇਰ ਰਾਤ ਵੀ ਇਸੇ ਤਰ੍ਹਾਂ ਹੀ ਹੋਇਆ ਕਿ ਇਕ ਇੰਡੀਕਾ ਕਾਰ ਸਾਹਮਣੇ ਆ ਰਹੀ ਗੱਡੀ ਤੋਂ ਬਚਣ ਲਈ ਸੜਕ ਤੋਂ ਥੱਲੇ ਉਤਰੀ ਅਤੇ ਅੱਗੇ ਖੜ੍ਹੀਆਂ ਦੋ ਗੱਡੀਆਂ ਦੇ ਵਿਚ ਵੱਜੀ ਜਿਸ ਦੇ ਨਾਲ ਤਿੰਨਾਂ ਗੱਡੀਆਂ ਦਾ ਵੱਡਾ ਨੁਕਸਾਨ ਹੋਇਆ। ਕਿਸਾਨੀ ਧਰਨੇ ਵਿਚ ਬੈਠੇ ਕਿਸਾਨ ਨੈਬ ਸਿੰਘ ਨੇ ਦੱਸਿਆ ਕਿ ਦੇਰ ਰਾਤ ਟਰੈਫ਼ਿਕ ਜ਼ਿਆਦਾ ਨਹੀਂ ਸੀ ਪਰ ਸ਼ਾਇਦ ਪਿਛਲੀ ਕਾਰ ਵਾਲੇ ਤੋਂ ਆਪਣੀ ਗੱਡੀ ਕੰਟਰੋਲ ਨਹੀਂ ਹੋਈ ਜਿਸ ਦੇ ਚਲਦੇ ਉਸ ਵਲੋਂ ਅੱਗੇ ਖੜ੍ਹੀ ਗੱਡੀ ਦੇ ਵਿਚ ਟੱਕਰ ਮਾਰੀ ਅਤੇ ਜੋ ਅੱਗੇ ਇਕ ਹੋਰ ਗੱਡੀ ਦੇ ਵਿਚ ਵੱਜੀ ਜਿਸ ਦੇ ਨਾਲ ਇਨ੍ਹਾਂ ਗੱਡੀਆਂ ਦਾ ਕਾਫ਼ੀ ਨੁਕਸਾਨ ਹੋਇਆ।
ਕਿਸਾਨੀ ਧਰਨੇ ਨੇ ਮੱਲੀ ਅੱਧੀ ਸੜਕ ਕਾਰਨ ਵਾਪਰਿਆ ਹਾਦਸਾ
ਅਜੀਤ ਡੈਸਕ
24-06-2026