08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਪੇਪਰ ਲੀਕ ਮਾਮਲੇ ਵਿਚ ਕੇਂਦਰ ਸਰਕਾਰ ਨੇ ਕੁਝ ਨਹੀਂ ਕੀਤਾ-ਰਵਿੰਦਰ ਡਾਲਵੀ

ਅਜੀਤ ਡੈਸਕ 01-07-2026
ਫ਼ਰੀਦਕੋਟ, 30 ਜੂਨ (ਜਸਵੰਤ ਸਿੰਘ ਪੁਰਬਾ)-ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵਲੋਂ ਸ਼ੁਰੂ ਕੀਤੀ ਗਈ ਦੇਸ਼ ਵਿਆਪੀ ‘ਵਿਦਿਆਰਥੀਆਂ ਦੀ ਗੂੰਜ’ ਮਹਿੰਮ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਨੇ ਕਥਿਤ ਨੀਟ ਪੇਪਰ ਲੀਕ, ਪ੍ਰੀਖਿਆਵਾਂ ਵਿਚ ਹੋ ਰਹੀਆਂ ਬੇਨਿਯਮੀਆਂ, ਸਿੱਖਿਆ ਦੇ ਵਪਾਰੀਕਰਨ ਅਤੇ ਦੇਸ਼ ਦੇ ਨੌਜਵਾਨਾਂ ਨੂੰ ਦਰਪੇਸ਼ ਚੁਣੌਤੀਆਂ ’ਤੇ ਆਵਾਜ਼ ਬੁਲੰਦ ਕੀਤੀ ਹੈ। ਇਹ ਪ੍ਰਗਟਾਵਾ ਆਲ ਇੰਡੀਆ ਕਾਂਗਰਸ ਦੇ ਸਕੱਤਰ ਰਵਿੰਦਰ ਡਾਲਵੀ ਸਹਾਇਕ ਇੰਚਾਰਜ ਪੰਜਾਬ ਮਾਮਲੇ ਅਤੇ ਕਾਂਗਰਸ ਕਮੇਟੀ ਦੇ ਬੁਲਾਰੇ ਤੇ ਹਲਕਾ ਇੰਚਾਰਜ ਨਕੋਦਰ ਡਾ. ਨਵਜੋਤ ਸਿੰਘ ਦਹੀਆ ਨੇ ਕਰਦਿਆਂ ਕਿਹਾ ਕਿ ਇਹ ਮਾਮਲਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਥਾਨਕ ਮੈਰਿਜ ਪੈਲੇਸ ਵਿਖੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਰਵਿੰਦਰ ਡਾਲਵੀ ਨੇ ਕਿਹਾ ਕਿ ਵਾਰ-ਵਾਰ ਹੋ ਰਹੇ ਪੇਪਰ ਲੀਕ ਅਤੇ ਪ੍ਰੀਖਿਆ ਘੁਟਾਲਿਆਂ ਨੇ ਲੱਖਾਂ ਮਿਹਨਤੀ ਵਿਦਿਆਰਥੀਆਂ ਦੇ ਸੁਪਨੇ ਤੋੜ ਦਿੱਤੇ ਹਨ। ਵਿਦਿਆਰਥੀ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਵਿਚ ਲਗਾ ਦਿੰਦੇ ਹਨ, ਮਾਪੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਉਨ੍ਹਾਂ ਦੀ ਪੜਾਈ ’ਤੇ ਖਰਚ ਕਰਦੇ ਹਨ, ਪਰ ਸਰਕਾਰ ਦੀਆਂ ਨਾਕਾਮੀਆਂ ਕਾਰਨ ਉਨ੍ਹਾਂ ਦਾ ਭਵਿੱਖ ਦਾਅ ’ਤੇ ਲੱਗ ਜਾਂਦਾ ਹੈ। ਉਨ੍ਹਾਂ ਕੇਂਦਰ ਸਰਕਾਰ ਦੀ ਸਿੱਖਿਆ ਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੁਧਾਰਾਂ ਦੇ ਵਾਅਦਿਆਂ ਦੇ ਬਾਵਜੂਦ ਅੱਜ ਵੀ ਵਿਦਿਆਰਥੀਆਂ ਨੂੰ ਪੇਪਰ ਲੀਕ, ਪ੍ਰੀਖਿਆਵਾਂ ਵਿਚ ਬੇਨਿਯਮੀਆਂ ਅਤੇ ਭਰਤੀ ਪ੍ਰਕਿਰਿਆ ਵਿਚ ਵੱਡੀਆਂ ਨਕਾਮੀਆਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਲਗਾਤਾਰ ਸਾਹਮਣੇ ਆ ਰਹੇ ਪੇਪਰ ਲੀਕ ਅਤੇ ਪ੍ਰੀਖਿਆ ਘੁਟਾਲਿਆਂ ਲਈ ਨੈਤਿਕ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਡਾਲਵੀ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਵਿਦਿਆਰਥੀ ਰੂਬਰੂ ਪ੍ਰੋਗਰਾਮ ਤੋਂ ਬਾਅਦ 9 ਅਗਸਤ ਨੂੰ ਦਿੱਲੀ ਦੇ ਰਾਮਲੀਲ੍ਹਾ ਗਰਾਊਂਡ ਵਿਖੇ ਦੇਸ਼ ਦੇ ਨੌਜਵਾਨਾਂ ਦੀ ਇਕ ਵੱਡੀ ਰੈਲੀ ਕੀਤੀ ਜਾਵੇਗੀ। ਜਿਸ ਵਿਚ ਦੇਸ਼ ਦੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਅਤੇ ਨੈਸ਼ਨਲ ਟੈਲੇਂਟ ਟੈਸਟਿੰਗ ਏਜੰਸੀ ਦੇ ਅਧਿਕਾਰੀਆਂ ਦੀ ਨੀਟ ਪੇਪਰ ਲੀਕ ਮਾਮਲੇ ’ਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਮੰਤਰੀ ਉਪੇਂਦਰ ਸ਼ਰਮਾ, ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ, ਹਰਦੀਪ ਸਿੰਘ ਕਿੰਗਰਾ ਸੇਵਾ ਮੁਕਤ ਆਈ.ਐਫ਼.ਐਸ., ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ, ਪੰਜਾਬ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਸੁਰਜੀਤ ਸਿੰਘ ਬਾਬਾ, ਧਨਜੀਤ ਸਿੰਘ ਧਨੀ ਵਿਰਕ, ਡਾ. ਸੰਜੀਵ ਗੋਇਲ, ਜਸਵਿੰਦਰ ਸਿੰਘ ਕੋਟਸੁਖੀਆ, ਅਮਰਜੀਤ ਸਿੰਘ ਜੱਜ, ਦਰਸ਼ਨ ਸਿੰਘ ਸਹੋਤਾ, ਜਗਦੀਪ ਸਿੰਘ ਢਿੱਲੋਂ, ਗੁਰਸੇਵਕ ਸਿੰਘ ਜੈਤੋ, ਸ਼ਿਵਰਾਜ ਸਿੰਘ ਢਿੱਲੋਂ ਸਮੇਤ ਭਾਰੀ ਗਿਣਤੀ ’ਚ ਕਾਂਗਰਸੀ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਕੋਠੇ ਵੜਿੰਗ ’ਚ ਇਫ਼ਕੋ ਵਲੋਂ ਕਿਸਾਨ ਜਾਗਰੂਕਤਾ ਕੈਂਪ ਅਗਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਾਈਟ ਕ੍ਰਿਕਟ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।