ਕਿਹਾ, ਕੈਪਟਨ ਵਾਪਸੀ ਕਰਨਾ ਚਾਹੁਣ ਤਾਂ ਹਾਈਕਮਾਨ ਗੰਭੀਰਤਾ ਨਾਲ ਕਰੇਗੀ ਵਿਚਾਰ
ਚੰਡੀਗੜ੍ਹ, 12 ਫਰਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ 'ਚ ਵਾਪਸੀ ਦੀ ਚਰਚਾ ਨੇ ਜਿਥੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੀ ਚਿੰਤਾ ਵਧਾਈ ਹੋਈ ਦੱਸੀ ਜਾ ਰਹੀ ਹੈ, ਉਥੇ ਦੂਜੇ ਪਾਸੇ ਇਸ ਸਿਆਸੀ ਹਲਚਲ ਵਿਚਾਲੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦਾ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ 'ਚ ਵਾਪਸੀ ਨੂੰ ਲੈ ਕੇ ਵੱਡਾ ਬਿਆਨ ਸਾਹਮਣਾ ਆਇਆ ਹੈ | ਭੁਪੇਸ਼ ਬਘੇਲ ਨੇ ਇਕ ਨਿੱਜੀ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵੱਡੇ ਨੇਤਾ ਹਨ ਅਤੇ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ ਅਤੇ ਜੋ ਸੂਚਨਾ ਉਨ੍ਹਾਂ ਨੂੰ ਮਿਲ ਰਹੀ ਹੈ, ਉਸ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਭਾਜਪਾ 'ਚ ਘੁਟਣ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਦੇ ਚਲਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਈ.ਡੀ. ਦੇ ਸੰਮਨ ਭੇਜੇ ਗਏ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਵਿਚਾਲੇ ਸਭ ਕੁਝ ਠੀਕ ਨਹੀਂ ਹੈ | ਪੱਤਰਕਾਰਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ 'ਚ ਵਾਪਸੀ ਦੇ ਸਵਾਲ ਦੇ ਜਵਾਬ 'ਚ ਭੁਪੇਸ਼ ਬਘੇਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ 'ਚ ਵਾਪਸੀ ਕਰਨਾ ਚਾਹੁੰਦੇ ਹਨ ਤਾਂ ਇਸ 'ਤੇ ਹਾਈਕਮਾਨ ਵਿਚਾਰ ਕਰਕੇ ਫ਼ੈਸਲਾ ਲਵੇਗੀ | ਦੂਜੇ ਪਾਸੇ, ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਇਸ ਮਾਮਲੇ 'ਚ ਕਹਿਣਾ ਹੈ ਕਿ ਕੈਪਟਨ ਕਿਤੇਂ ਵੀ ਨਹੀਂ ਜਾ ਰਹੇ, ਉਹ ਭਾਜਪਾ 'ਚ ਹੀ ਰਹਿਣਗੇ | ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹੀ ਇਕ ਇੰਟਰਵਿਊ ਦੌਰਾਨ ਭਾਜਪਾ ਨੂੰ ਲੈ ਕੇ ਕੁਝ ਅਜਿਹੀਆਂ ਟਿੱਪਣੀ ਕੀਤੀਆਂ ਸਨ, ਜਿਸ ਮਗਰੋਂ ਇਸ ਗੱਲ ਦੀ ਚਰਚਾ ਨੇ ਜ਼ੋਰ ਫੜ ਲਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ 'ਚ ਨਾਖ਼ੁਸ਼ ਹਨ, ਉਨ੍ਹਾਂ ਦੀ ਕਾਂਗਰਸ 'ਚ ਵਾਪਸੀ ਹੋ ਸਕਦੀ |
ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ 'ਚ ਵਾਪਸੀ ਦੀ ਚਰਚਾ ਵਿਚਾਲੇ ਭੁਪੇਸ਼ ਬਘੇਲ ਦਾ ਵੱਡਾ ਸੰਕੇਤ
ਅਜੀਤ ਡੈਸਕ
13-02-2026