ਨਵੀਂ ਦਿੱਲੀ, 12 ਫਰਵਰੀ (ਏਜੰਸੀ)-ਸੰਸਦ ਨੇ ਵੀਰਵਾਰ ਨੂੰ ਕਾਨੂੰਨੀ ਸਪੱਸ਼ਟਤਾ ਲਿਆਉਣ ਦੇ ਉਦੇਸ਼ ਨਾਲ ਇੰਡਸਟ੍ਰੀਅਲ ਰਿਲੇਸ਼ਨਜ਼ ਕੋਡ (ਅਮੈਂਡਮੈਂਟ) ਬਿੱਲ, 2026 ਪਾਸ ਕਰ ਦਿੱਤਾ | ਬਿੱਲ ਨੂੰ ਪੇਸ਼ ਕਰਦੇ ਹੋਏ ਕਿਰਤ ਮੰਤਰੀ ਮਨਸੁਖ ਮਾਂਡਵੀਆ ਨੇ ਰਾਜ ਸਭਾ 'ਚ ਕਿਹਾ ਕਿ ਜਦੋਂ ਇੰਡਸਟ੍ਰੀਅਲ ਰਿਲੇਸ਼ਨਜ਼ ਕੋਡ 2020 ਪਾਸ ਕੀਤਾ ਗਿਆ ਸੀ, ਤਾਂ ਤਿੰਨ ਐਕਟ ਉਸ 'ਚ ਸ਼ਾਮਿਲ ਹੋ ਗਏ ਸਨ | ਉਨ੍ਹਾਂ ਸਦਨ ਨੂੰ ਦੱਸਿਆ ਕਿ ਉਹ ਤਿੰਨ ਕਾਨੂੰਨ ਟ੍ਰੇਡ ਯੂਨੀਅਨ ਐਕਟ 1926, ਉਦਯੋਗਿਕ ਰੁਜ਼ਗਾਰ (ਸਥਾਈ ਆਦੇਸ਼) ਐਕਟ 1946 ਅਤੇ ਉਦਯੋਗਿਕ ਵਿਵਾਦ ਐਕਟ 1947 ਸਨ | ਉਨ੍ਹਾਂ ਕਿਹਾ ਕਿ ਸਰਕਾਰ ਕੋਲ ਇਨ੍ਹਾਂ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਦੀ ਸ਼ਕਤੀ ਹੈ ਅਤੇ ਇਸ 'ਚ ਕੋਈ ਵਿਵਾਦ ਨਹੀਂ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸਥਾਈ (ਸਟੈਂਡਿੰਗ) ਕਮੇਟੀ ਦੁਆਰਾ ਜਾਂਚ ਦੀ ਕੋਈ ਲੋੜ ਨਹੀਂ ਅਤੇ ਕੋਈ ਬਦਲਾਅ ਨਹੀਂ ਕੀਤਾ ਗਿਆ | ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਸਰਕਾਰ ਦਾ ਅਕਸ ਖਰਾਬ ਕਰਦਾ ਹੈ, ਕਿਉਂਕਿ ਸੋਧ ਇੰਨੀ ਦੇਰ ਨਾਲ ਲਿਆਂਦੀ ਗਈ ਹੈ ਅਤੇ ਸਰਕਾਰ ਸੁਪਰੀਮ ਕੋਰਟ ਦੇ ਕਹਿਣ ਤੋਂ ਬਾਅਦ ਅਜਿਹਾ ਕਰ ਰਹੀ ਹੈ | ਬਿੱਲ ਨੂੰ ਰਾਜ ਸਭਾ 'ਚ ਜ਼ਬਾਨੀ ਵੋਟਾਂ ਦੁਆਰਾ ਪਾਸ ਕੀਤਾ ਗਿਆ | ਇਸ ਤੋਂ ਪਹਿਲਾਂ ਦਿਨ ਸਮੇਂ ਬਿੱਲ ਨੂੰ ਲੋਕ ਸਭਾ 'ਚ ਵੀ ਜ਼ਬਾਨੀ ਵੋਟਾਂ ਦੁਆਰਾ ਪਾਸ ਕੀਤਾ ਗਿਆ ਸੀ | ਬਿੱਲ 'ਤੇ ਲੋਕ ਸਭਾ 'ਚ ਬਹਿਸ ਦਾ ਜਵਾਬ ਦਿੰਦੇ ਹੋਏ ਮਾਂਡਵੀਆ ਨੇ ਕਿਹਾ ਕਿ ਲਗਭਗ ਤਿੰਨ ਮਹੀਨੇ ਪਹਿਲਾਂ ਲਾਗੂ ਕੀਤੇ ਗਏ ਚਾਰ ਕਿਰਤ ਕੋਡ ਘੱਟੋ-ਘੱਟ ਉਜਰਤ ਦੀ ਗਰੰਟੀ ਨੂੰ ਯਕੀਨੀ ਬਣਾਉਂਦੇ ਹਨ | ਉਨ੍ਹਾਂ ਕਿਹਾ ਕਿ ਇਹ ਕੋਡ ਨਿਯੁਕਤੀ ਪੱਤਰਾਂ ਨੂੰ ਲਾਜ਼ਮੀ ਜਾਰੀ ਕਰਨ ਦੇ ਨਾਲ-ਨਾਲ ਲਿੰਗ ਦੀ ਪਰਵਾਹ ਕੀਤੇ ਬਿਨਾਂ ਇਕੋ ਕੰਮ ਲਈ ਇਕਸਾਰ ਉਜਰਤ ਨੂੰ ਵੀ ਯਕੀਨੀ ਬਣਾਉਂਦੇ ਹਨ |
ਸੰਸਦ ਨੇ ਇੰਡਸਟ੍ਰੀਅਲ ਰਿਲੇਸ਼ਨਜ਼ ਕੋਡ ਬਿੱਲ ਕੀਤਾ ਪਾਸ <br/>
ਅਜੀਤ ਡੈਸਕ
13-02-2026