ਐੱਸ. ਏ. ਐੱਸ. ਨਗਰ, 13 ਫ਼ਰਵਰੀ (ਕਪਿਲ ਵਧਵਾ)-ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵਲੋਂ ਦਰਜ ਕੀਤੇ ਗਏ ਬਹੁ-ਚਰਚਿਤ ਹਰਜੀਤ ਸਿੰਘ, ਲਖਵਿੰਦਰ ਸਿੰਘ ਅਤੇ ਜਸਪਿੰਦਰ ਸਿੰਘ ਦੇ ਅਗਵਾ ਅਤੇ ਫਰਜ਼ੀ ਪੁਲਿਸ ਮੁਕਾਬਲੇ ਮਾਮਲੇ 'ਚ ਅੱਜ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਭਗੌੜੇ ਮੁਲਜ਼ਮ ਤਤਕਾਲੀ ਏ. ਐਸ. ਆਈ. ਭੁਪਿੰਦਰ ਸਿੰਘ ਖ਼ਿਲਾਫ਼ ਖੁੱਲ੍ਹੀ ਮਿਤੀ ਦੇ ਗੈਰ-ਜ਼ਮਾਨਤੀ ਗਿ੍ਫ਼ਤਾਰੀ ਵਾਰੰਟ ਜਾਰੀ ਕੀਤੇ ਹਨ | ਇਹ ਮਾਮਲਾ ਪਿੰਡ ਬੁੱਟਰ ਕਲਾਂ ਜ਼ਿਲ੍ਹਾ ਅੰਮਿ੍ਤਸਰ ਦੇ ਰਹਿਣ ਵਾਲੇ ਹਰਜੀਤ ਸਿੰਘ ਅਤੇ ਨਜ਼ਦੀਕੀ ਪਿੰਡਾਂ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਅਤੇ ਜਸਪਿੰਦਰ ਸਿੰਘ ਨੂੰ ਅਗਵਾ ਕਰਨ ਅਤੇ ਬਾਅਦ 'ਚ ਫਰਜ਼ੀ ਪੁਲਿਸ ਮੁਕਾਬਲੇ 'ਚ ਮਾਰ ਦਿੱਤੇ ਜਾਣ ਨਾਲ ਸੰਬੰਧਿਤ ਹੈ | ਇਸ ਮਾਮਲੇ ਦੇ ਦੋਸ਼ ਪੱਤਰ ਅਨੁਸਾਰ ਅਪ੍ਰੈਲ 1992 'ਚ ਉਕਤ ਨੌਜਵਾਨਾਂ ਨੂੰ ਅਗਵਾ ਕੀਤਾ ਗਿਆ ਸੀ ਅਤੇ ਮਈ 1992 'ਚ ਉਨ੍ਹਾਂ ਦੀ ਫਰਜ਼ੀ ਪੁਲਿਸ ਮੁਕਾਬਲੇ 'ਚ ਹੱਤਿਆ ਕਰ ਦਿੱਤੀ ਗਈ ਸੀ | ਇਸ ਮਾਮਲੇ 'ਚ ਹਾਈ ਕੋਰਟ ਦੇ ਹੁਕਮਾਂ 'ਤੇ ਜਾਂਚ ਪੂਰੀ ਹੋਣ ਉਪਰੰਤ ਸੀ. ਬੀ. ਆਈ. ਵਲੋਂ ਆਈ. ਪੀ. ਸੀ. ਦੀ ਧਾਰਾ 120-ਬੀ, 364 ਅਤੇ 302 ਤਹਿਤ ਕਈ ਪੁਲਿਸ ਅਧਿਕਾਰੀਆਂ ਖ਼ਿਲਾਫ਼ ਦੋਸ਼ ਪੱਤਰ ਪੇਸ਼ ਕੀਤਾ ਗਿਆ ਸੀ | ਇਸ ਮਾਮਲੇ 'ਚ ਟਰਾਇਲ ਦੌਰਾਨ ਕੁਝ ਨਾਮਜ਼ਦ ਅਧਿਕਾਰੀਆਂ ਦੀ ਮੌਤ ਹੋ ਗਈ, ਜਦਕਿ ਬਾਕੀ ਦੋਸ਼ੀਆਂ ਨੂੰ 8 ਸਤੰਬਰ, 2023 ਦੇ ਫੈਸਲੇ ਅਨੁਸਾਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ | ਹਾਲਾਂਕਿ, ਏ. ਐਸ. ਆਈ. ਭੁਪਿੰਦਰ ਸਿੰਘ ਟ੍ਰਾਇਲ ਦੌਰਾਨ ਫ਼ਰਾਰ ਹੋ ਗਿਆ ਸੀ ਅਤੇ 6 ਜਨਵਰੀ 2021 ਨੂੰ ਅਦਾਲਤ ਵਲੋਂ ਉਸ ਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ | ਉਸ ਦੀ ਗਿ੍ਫ਼ਤਾਰੀ ਲਈ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਪਰ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ | ਇਹ ਵੀ ਸ਼ੱਕ ਜਤਾਇਆ ਗਿਆ ਹੈ ਕਿ ਉਹ ਦੇਸ਼ ਤੋਂ ਬਾਹਰ ਕਿਸੇ ਵਿਦੇਸ਼ 'ਚ ਲੁਕਿਆ ਹੋਇਆ ਹੈ | ਅੱਜ ਸੁਣਵਾਈ ਦੌਰਾਨ ਅਦਾਲਤ 'ਚ ਸੀ. ਬੀ. ਆਈ. ਦੇ ਵਕੀਲ ਨੇ ਦਲੀਲ ਦਿੱਤੀ ਕਿ ਮੁਲਜ਼ਮ ਦੀ ਗਿ੍ਫ਼ਤਾਰੀ ਲਈ ਇੰਟਰਪੋਲ ਰਾਹੀਂ ਰੈੱਡ ਨੋਟਿਸ ਜਾਰੀ ਕਰਵਾਉਣ ਦੀ ਕਾਰਵਾਈ ਲਈ ਗੈਰ-ਜ਼ਮਾਨਤੀ ਵਾਰੰਟ ਲਾਜ਼ਮੀ ਹੈ, ਜਿਸ ਤੋਂ ਬਾਅਦ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਮੁਲਜ਼ਮ ਦੀ ਗਿ੍ਫ਼ਤਾਰੀ ਜਾਂ ਆਤਮ ਸਮਰਪਣ ਕਰਨ ਉਪਰੰਤ ਹੀ ਕੇਸ ਨੂੰ ਮੁੜ ਚਲਾਇਆ ਜਾਵੇਗਾ |