ਨਵੀਂ ਦਿੱਲੀ, 13 ਫਰਵਰੀ (ਉਪਮਾ ਡਾਗਾ ਪਾਰਥ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਪ੍ਰਤੀਕਰਮ ਕੀਤਾ ਹੈ, ਜਿਸ 'ਚ ਉਨ੍ਹਾਂ (ਟਰੰਪ ਨੇ) ਕਿਹਾ ਸੀ ਕਿ ਜੇਕਰ ਉਹ (ਟਰੰਪ) ਚਾਹੁਣ ਤਾਂ ਉਹ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਦਾ ਸਿਆਸੀ ਕੈਰੀਅਰ ਬਰਬਾਦ ਕਰ ਸਕਦੇ ਹਨ, ਪਰ ਉਹ ਅਜਿਹਾ ਨਹੀਂ ਚਾਹੁੰਦੇ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਕ ਪ੍ਰੈੱਸ ਕਾਨਫ਼ਰੰਸ 'ਚ ਬਿਆਨ ਵਾਲੇ ਵੀਡੀਓ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਕਿਹਾ ਕਿ ਹਾਲੇ ਤੱਕ ਸਾਨੂੰ (ਭਾਰਤ ਨੂੰ ) ਅਜਿਹਾ ਕੋਈ ਵੀਡੀਓ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਅਸੀਂ ਇਸ ਦੀ ਜਾਂਚ ਕਰਾਂਗੇ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਉਸੇ ਪ੍ਰੈੱਸ ਕਾਨਫ਼ਰੰਸ 'ਚ ਇਹ ਵੀ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 'ਬੋਰਡ ਆਫ਼ ਪੀਸ' 'ਚ ਸ਼ਾਮਿਲ ਹੋਣ ਦਾ ਭਾਰਤ ਨੂੰ ਸੱਦਾ ਮਿਲਿਆ ਹੈ, ਫਿਲਹਾਲ ਉਸਦੇ ਹਰੇਕ ਪਹਿਲੂ 'ਤੇ ਨਜ਼ਰ ਹੈ ਅਤੇ ਉਸ ਦੀ ਸਮੀਖਿਆ ਕੀਤੀ ਜਾ ਰਹੀ ਹੈ |