ਅੰਮਿ੍ਤਸਰ, 13 ਫਰਵਰੀ (ਸੁਰਿੰਦਰ ਕੋਛੜ)-ਸਰਬਜੀਤ ਕੌਰ ਤੋਂ ਨੂਰ ਫ਼ਾਤਿਮਾ ਬਣੀ ਭਾਰਤੀ ਔਰਤ ਨੇ ਲਾਹੌਰ ਸਥਿਤ ਮਹਿਲਾ ਸ਼ੈਲਟਰ ਹੋਮ (ਦਾਰ-ਉਲ-ਅਮਨ) ਤੋਂ ਰਿਹਾਅ ਹੋ ਕੇ ਆਪਣੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਪੁੱਤਰ ਮੁਹੰਮਦ ਤੁਫ਼ੈਲ ਨਾਲ ਸ਼ੇਖ਼ੂਪੁਰਾ ਦੇ ਵਕੀਲ ਅਹਿਮਦ ਹਸਨ ਪਾਸ਼ਾ ਦੇ ਦਫ਼ਤਰ 'ਚ ਪਹੁੰਚਦਿਆਂ ਹੀ ਆਪਣੇ ਭਾਰਤੀ ਪਤੀ ਕਰਨੈਲ ਸਿੰਘ, ਮੀਡੀਆ ਅਤੇ ਭਾਰਤ ਸਰਕਾਰ 'ਤੇ ਗੰਭੀਰ ਦੋਸ਼ ਲਗਾਏ | ਉਸ ਨੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਸਮੇਤ ਵੱਖ-ਵੱਖ ਸੁਰੱਖਿਆ ਅਦਾਰਿਆਂ ਦੇ ਸੋਹਲੇ ਗਾਉਂਦਿਆਂ ਦਾਅਵਾ ਕੀਤਾ ਕਿ ਪਾਕਿ ਆਉਣ ਬਾਅਦ ਉਸ ਵਲੋਂ ਆਪਣੇ ਭਾਰਤੀ ਪਤੀ ਨੂੰ ਕੋਈ ਆਡੀਓ ਸੁਨੇਹਾ ਨਹੀਂ ਭੇਜਿਆ ਗਿਆ ਅਤੇ ਨਾ ਹੀ ਫ਼ੋਨ 'ਤੇ ਕੋਈ ਗੱਲਬਾਤ ਹੀ ਕੀਤੀ | ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਪਾਕਿ 'ਚ ਅਗਵਾ ਕਰਕੇ ਨਹੀਂ ਰੱਖਿਆ ਗਿਆ, ਬਲਕਿ ਉਹ ਨਾਸਿਰ ਹੁਸੈਨ ਦੇ ਨਾਲ ਮੁਹੱਬਤ ਕਾਰਨ ਪਾਕਿ ਆਈ ਸੀ ਅਤੇ ਆਪਣੀ ਸਵੈ-ਇੱਛਾ ਨਾਲ ਉਸ ਨੇ ਧਰਮ ਪਰਿਵਰਤਨ ਕੀਤਾ | ਉਸ ਨੇ ਗੱਲਬਾਤ ਦੌਰਾਨ ਇਹ ਵੀ ਦੱਸਿਆ ਕਿ ਜਦੋਂ ਭਾਰਤ ਭੇਜਣ ਲਈ ਉਸ ਨੂੰ ਵਾਹਗਾ ਲਿਜਾਇਆ ਗਿਆ ਸੀ ਤਾਂ ਅਚਾਨਕ ਅਧਿਕਾਰੀਆਂ ਨੇ ਉਸ ਨੂੰ ਭਾਰਤ ਭੇਜਣ ਦੀ ਬਜਾਇ ਸ਼ੈਲਟਰ ਹੋਮ 'ਚ ਭੇਜ ਦਿੱਤਾ, ਜਿਥੇ ਉਹ 5 ਜਨਵਰੀ ਤੋਂ 12 ਫਰਵਰੀ ਤੱਕ ਰਹੀ | ਇਸੇ ਦੌਰਾਨ ਸਰਬਜੀਤ ਕੌਰ ਦੇ ਇੰਗਲੈਂਡ 'ਚ ਰਹਿੰਦੇ ਭਾਰਤੀ ਪਤੀ ਕਰਨੈਲ ਸਿੰਘ ਨੇ 'ਅਜੀਤ' ਨਾਲ ਨਾਸਿਰ ਹੁਸੈਨ ਦੀ ਕਿਸੇ ਲਾਹੌਰ ਦੇ ਇਕ ਵਕੀਲ ਨਾਲ ਹੋਈ ਆਡੀਓ ਰਿਕਾਰਡਿੰਗ ਸਾਂਝੀ ਕੀਤੀ, ਜਿਸ 'ਚ ਨਾਸਿਰ ਹੁਸੈਨ ਦਾ ਫ਼ੋਨ ਨੰਬਰ ਵੀ ਸਕਰੀਨ 'ਤੇ ਵਿਖਾਈ ਦੇ ਰਿਹਾ ਹੈ |