ਮੋਗਾ, 13 ਫਰਵਰੀ (ਅਸ਼ੋਕ ਬਾਂਸਲ)-ਆੜ੍ਹਤੀਆਂ ਦੇ ਇਕ ਵਫ਼ਦ ਵਲੋਂ ਆਪਣੇ ਮੁੱਦਿਆਂ ਨੂੰ ਲੈ ਕੇ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਕੇਂਦਰੀ ਉਪਭੋਗਤਾ ਮਾਮਲੇ, ਖਾਦ ਤੇ ਸਰਕਾਰੀ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਦਿੱਲੀ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਪ੍ਰਧਾਨ ਕਾਲੜਾ ਵਲੋਂ ਪੰਜਾਬ ਦੇ ਆੜ੍ਹਤੀਆਂ ਦੀ ਆੜ੍ਹਤ ਢਾਈ ਫ਼ੀਸਦੀ ਦਾ ਮੁੱਦਾ ਬਹੁਤ ਹੀ ਜ਼ੋਰਦਾਰ ਢੰਗ ਨਾਲ ਚੁੱਕਿਆ ਗਿਆ | ਆੜ੍ਹਤੀਆ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਸਮੀਰ ਜੈਨ ਨੇ ਦੱਸਿਆ ਕਿ ਮੰਤਰੀਆਂ ਨਾਲ ਆੜ੍ਹਤੀਆਂ ਦੇ ਤਿੰਨ ਭਖਦੇ ਮੁੱਦਿਆਂ ਸੰਬੰਧੀ ਗੱਲ ਕੀਤੀ ਗਈ | ਉਨ੍ਹਾਂ ਨੂੰ ਦੱਸਿਆ ਗਿਆ ਕਿ ਆੜ੍ਹਤੀਆਂ ਦੀ ਆੜ੍ਹਤ ਢਾਈ ਫ਼ੀਸਦੀ ਸੀ ਪਰ ਕਰੋਨਾ ਕਾਲ ਦੌਰਾਨ ਸਰਕਾਰ ਵਲੋਂ ਇਸ ਨੂੰ ਫਿਕਸ ਕਰ ਦਿੱਤਾ ਗਿਆ ਹੁਣ ਉਹ ਦਾਮੀ ਘੱਟ ਕੇ ਡੇਢ ਫ਼ੀਸਦੀ ਦੇ ਕਰੀਬ ਰਹਿ ਗਈ ਹੈ, ਜਿਸ ਨਾਲ ਆੜ੍ਹਤੀਆਂ ਅਤੇ ਉਨ੍ਹਾਂ ਦੇ ਮੁਨੀਮਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ | ਇਸ ਦੌਰਾਨ ਕੇਂਦਰੀ ਮੰਤਰੀ ਨੂੰ ਐਫ.ਸੀ.ਆਈ. ਵਲੋਂ ਈ.ਪੀ.ਐਫ. ਦੀ ਆੜ ਵਿਚ ਰੋਕੀ ਗਈ 55 ਕਰੋੜ ਦੇ ਲਗਭਗ ਪੰਜਾਬ ਦੇ ਆੜ੍ਹਤੀਆਂ ਦੀ ਰਕਮ ਨੂੰ ਵੀ ਜਲਦੀ ਰਿਲੀਜ਼ ਕਰਨ ਲਈ ਬੇਨਤੀ ਕੀਤੀ ਗਈ | ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨੂੰ ਕਿਸੇ ਤਰ੍ਹਾਂ ਦਾ ਈ.ਪੀ.ਐਫ. ਹੀ ਨਹੀਂ ਲੱਗਦਾ ਪਰ ਐਫ.ਸੀ.ਆਈ. ਵਲੋਂ ਇਹ ਰਕਮ ਰੋਕ ਕੇ ਰੱਖੀ ਗਈ ਹੈ | ਉਨ੍ਹਾਂ ਦੱਸਿਆ ਕਿ ਤੀਜਾ ਮੁੱਦਾ ਜੋ ਕਿ ਮੋਗੇ ਦੇ ਅਡਾਨੀ ਦੀ ਜਿਹੜੀ ਆੜ੍ਹਤੀਆਂ ਦੀ ਰਹਿੰਦੀ ਆੜ੍ਹਤ ਦਾ ਹੈ, ਇਹ ਤਿੰਨ ਮੁੱਖ ਮੁੱਦੇ ਉਨ੍ਹਾਂ ਨੂੰ ਲਿਖ ਕੇ ਦਿੱਤੇ ਗਏ | ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਹਲਾਦ ਜੋਸ਼ੀ ਸਾਡੀਆਂ ਮੰਗਾਂ ਦਾ ਢੁਕਵਾਂ ਹੱਲ ਕੱਢਣਗੇ |