ਅੰਮਿ੍ਤਸਰ, 13 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਵਿਦਰੋਹੀ ਹਥਿਆਰਬੰਦ ਸੰਗਠਨ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਐਲਾਨ ਕੀਤਾ ਹੈ ਕਿ ਉਸ ਵਲੋਂ ਪਾਕਿ ਫ਼ੌਜ ਦੀਆਂ ਛਾਉਣੀਆਂ, ਚੌਕੀਆਂ ਅਤੇ ਗਸ਼ਤੀ ਵਾਹਨਾਂ ਨੂੰ ਨਿਸ਼ਾਨਾ ਬਣਾਉਣ ਲਈ ਆਧੁਨਿਕ ਤਕਨਾਲੋਜੀ ਨਾਲ ਲੈਸ ਆਪਣੀ ਪਹਿਲੀ ਏਅਰ-ਡਰੋਨ ਯੁੱਧ ਯੂਨਿਟ ਸਥਾਪਿਤ ਕੀਤੀ ਗਈ ਹੈ | ਇਸ ਨਵੀਂ ਹਵਾਈ ਯੂਨਿਟ ਦਾ ਨਾਮ ਕਾਜ਼ੀ ਏਅਰੋ ਹਾਈਵ ਰੇਂਜਰਸ (ਕਵਾਹਰ) ਰੱਖਿਆ ਗਿਆ ਹੈ | ਇਹ ਯੂਨਿਟ ਡਰੋਨ ਉਡਾਉਣ, ਹਵਾਈ ਨਿਗਰਾਨੀ ਅਤੇ ਨਵੀਂ ਤਕਨਾਲੋਜੀ ਦੀ ਵਰਤੋਂ 'ਤੇ ਕੇਂਦਿਰਤ ਹੋਵੇਗੀ | ਸੰਗਠਨ ਦੇ ਬੁਲਾਰੇ ਜਿਆਂਦ ਬਲੋਚ ਵਲੋਂ ਇਸ ਬਾਰੇ ਜਾਰੀ ਬਿਆਨ ਦੇ ਨਾਲ ਹੀ 2.09 ਮਿੰਟ ਦੀ ਇਕ ਵੀਡੀਓ ਵੀ ਜਾਰੀ ਕੀਤੀ ਗਈ ਹੈ, ਜਿਸ 'ਚ ਬਲੋਚ ਵਿਦਰੋਹੀਆਂ ਨੂੰ ਡਰੋਨ ਬਣਾਉਂਦੇ, ਡਰੋਨ ਦੀ ਜਾਂਚ ਕਰਦੇ ਹੋਏ ਅਤੇ ਉਨ੍ਹਾਂ ਨਾਲ ਪਹਾੜਾਂ 'ਚ ਧਮਾਕੇ ਕਰਦੇ ਵਿਖਾਇਆ ਗਿਆ ਹੈ | ਬਲੋਚ ਨੇ ਇਹ ਵੀ ਦਾਅਵਾ ਕੀਤਾ ਕਿ ਗਵਾਦਰ 'ਚ ਹਾਲ ਹੀ ਵਿਚ ਹੋਏ ਆਪ੍ਰੇਸ਼ਨ ਹੇਰੋਫ 2.0 'ਚ ਪਹਿਲੀ ਵਾਰ ਡਰੋਨ ਦੀ ਵਰਤੋਂ ਕੀਤੀ ਗਈ | ਇਸ ਕਾਰਵਾਈ ਦੌਰਾਨ ਫ਼ੌਜੀ ਸਥਾਪਨਾਵਾਂ, ਬੰਦਰਗਾਹ ਸਹੂਲਤਾਂ ਅਤੇ ਸੰਚਾਰ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ ਗਿਆ |