ਪਟਿਆਲਾ, 13 ਫਰਵਰੀ (ਮਨਦੀਪ ਸਿੰਘ ਖਰੌੜ)-ਮੰਗਲਵਾਰ ਨੂੰ ਭੇਦਭਰੇ ਹਾਲਾਤ 'ਚ ਲਾਪਤਾ ਹੋਏ ਪੰਜਾਬ ਬੀਜੇਪੀ ਦੇ ਕਾਰਜਕਾਰੀ ਮੈਂਬਰ ਅਨਿਲ ਮੰਗਲਾ ਦੀ ਲਾਸ਼ ਭਾਖੜਾ ਨਹਿਰ ਪਟਿਆਲਾ ਦੇ ਪਿੰਡ ਜੋੜਾਮਾਜਰਾ ਲਾਗੇ ਮਿਲੀ ਹੈ | ਇਸ ਸੰਬੰਧੀ ਸ੍ਰੀ ਮੰਗਲਾ ਦੇ ਸਕੇ ਸੰਬੰਧੀਆਂ ਨੇ ਦੱਸਿਆ ਕਿ ਉਹ ਮੰਗਲਵਾਰ ਨੂੰ ਦੁਪਹਿਰ ਤੋਂ ਬਾਅਦ ਘਰੋਂ ਬਾਹਰ ਗਏ ਸੀ ਪਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਮੁੜੇ | ਜਿਸ ਤਹਿਤ ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਥਾਣਾ ਪਸਿਆਣਾ 'ਚ ਸ਼ਿਕਾਇਤ ਵੀ ਦਰਜ ਕਰਵਾਈ ਸੀ | ਇਸ ਮਾਮਲੇ ਸੰਬੰਧੀ ਗੋਤਾਖੋਰਾਂ ਦੀ ਟੀਮਾਂ ਵੀ ਉਨ੍ਹਾਂ ਦੀ ਭਾਲ ਨਹਿਰ 'ਚ ਕਰ ਰਹੀਆਂ ਸੀ | ਇਸ ਦੇ ਚੱਲਦਿਆਂ ਅੱਜ ਉਨ੍ਹਾਂ ਦੀ ਲਾਸ਼ ਪਿੰਡ ਜੋੜਾਮਾਜਰਾ ਲਾਗੇ ਭਾਖੜਾ ਨਹਿਰ 'ਚੋਂ ਗੋਤਾਖੋਰਾਂ ਨੇ ਬਰਾਮਦ ਕਰ ਲਈ ਹੈ | ਸ੍ਰੀ ਮੰਗਲਾ ਕਾਫ਼ੀ ਲੰਬੇ ਸਮੇਂ ਤੋਂ ਰਾਜਨੀਤੀ ਨਾਲ ਜੁੜੇ ਹੋਏ ਸੀ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨਾਲ ਰਾਜਨੀਤਕ ਤੌਰ 'ਤੇ ਵਿਚਰਦੇ ਸੀ | ਉਹ 2002 'ਚ ਪਟਿਆਲਾ ਤੋਂ ਕੌਂਸਲਰ ਵੀ ਰਹੇ ਸੀ | ਇਸ ਤੋਂ ਇਲਾਵਾ ਰਾਜਨੀਤਕ ਪਾਰਟੀਆਂ 'ਚ ਵੱਖ-ਵੱਖ ਉੱਚ ਅਹੁਦਿਆਂ 'ਤੇ ਵੀ ਆਪਣੀ ਭੂਮਿਕਾ ਨਿਭਾਉਂਦੇ ਰਹੇ ਸੀ | ਸ੍ਰੀ ਮੰਗਲਾ, ਕੈਪਟਨ ਪਰਿਵਾਰ ਵਲੋਂ ਬੀਜੇਪੀ 'ਚ ਜਾਣ ਤੋਂ ਬਾਅਦ ਪੂਰੀ ਸਰਗਰਮੀ ਨਾਲ ਆਪਣੀ ਰਾਜਸੀ ਪਾਰੀ ਅੱਗੇ ਵਧਾ ਰਹੇ ਸਨ | ਦੂਜੇ ਪਾਸੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਬੀਜੇਪੀ ਆਗੂ ਸ੍ਰੀ ਮੰਗਲਾ ਨੇ ਕਿਸ ਕਾਰਨ ਨਹਿਰ 'ਚ ਛਾਲ ਮਾਰੀ ਹੈ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ | ਇਸ ਸੰਬੰਧੀ ਥਾਣਾ ਪਸਿਆਣਾ ਦੇ ਐੱਸ.ਐੱਚ.ਓ. ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਦੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਸ੍ਰੀ ਮੰਗਲਾ ਮੰਗਲਵਾਰ ਨੂੰ ਘਰ ਵਾਪਸ ਨਹੀਂ ਆਏ | ਫ਼ਿਲਹਾਲ ਪੁਲਿਸ ਇਸ ਮਾਮਲੇ 'ਚ ਮੁੜ ਤੋਂ ਪੜਤਾਲ ਕਰ ਰਹੀ ਹੈ |