08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਬੁਢੇਪੇ ਵੱਲ ਵਧਣ ਲੱਗਾ ਪੰਜਾਬ, ਖੇਤੀ ਸੰਭਾਲਣ ਲਈ ਰੜਕਣ ਲੱਗੀ ਕਾਮਿਆਂ ਦੀ ਘਾਟ <br/>

ਅਜੀਤ ਡੈਸਕ 15-02-2026

ਵੀਰਪਾਲ ਸਿੰਘ
ਬਠਿੰਡਾ, 14 ਫਰਵਰੀ-ਪੰੰਜਾਬ ਵਿਚ ਬਜ਼ੁਰਗਾਂ ਦੀ ਗਿਣਤੀ ਵੱਧਣ ਨਾਲ ਸੂਬੇ 'ਚ ਖੇਤੀ ਸੰਭਾਲਣ ਲਈ ਕਾਮਿਆਂ ਦੀ ਘਾਟ ਰੜਕਣੀ ਸ਼ੁਰੂ ਹੋ ਗਈ ਹੈ | ਪੰਜਾਬ ਦੀ ਸੱਤਾ ਦਾ ਸੁੱਖ ਭੋਗਣ ਵਾਲੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਨੌਜਵਾਨਾਂ ਦਾ ਪੜ੍ਹਾਈ ਬਹਾਨੇ ਵਿਦੇਸ਼ੀ ਪ੍ਰਵਾਸ ਅਤੇ ਨਸ਼ਿਆਂ ਦੀ ਲੱਤ, ਗੈਂਗਸਟਰਾਂ ਦੀਆਂ ਗਤੀਵਿਧੀਆਂ ਵਿਚ ਜੁੜ ਕੇ ਸੁਨਿਹਰੀ ਸੁਪਨਿਆਂ ਨੂੰ ਵੇਖਦੇ ਹੋਏ ਮੌਤ ਦੇ ਮੂੰਹ ਵਿਚ ਜਾ ਰਹੇ ਨੌਜਵਾਨਾਂ ਦੀ ਗਿਣਤੀ ਕਾਰਨ ਪੰਜਾਬ ਵਿਚ ਬਜ਼ੁਰਗਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ | ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਦੀ 70 ਫ਼ੀਸਦੀ ਆਬਾਦੀ 40 ਸਾਲ ਤੋਂ ਉਮਰ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਪੰਜਾਬ ਬੁੱਢਾ ਹੁੰਦਾ ਦਿਖਾਈ ਦੇ ਰਿਹਾ ਹੈ, ਜੋ ਪੰਜਾਬ ਲਈ ਬਹੁਤ ਵੱਡੀ ਤਰਾਸਦੀ ਹੈ | ਲੰਘੇ ਇਕ ਦਹਾਕੇ ਵਿਚ ਪੰਜਾਬ ਦਾ 15 ਲੱਖ ਤੋਂ ਵੱਧ ਨੌਜਵਾਨ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਦੇਸ਼ਾਂ ਵਿਚ ਪੜ੍ਹਾਈ ਕਰਨ ਲਈ ਸੂਬੇ ਨੂੰ ਛੱਡ ਚੁੱਕਾ ਹੈ | ਇਸੇ ਦਹਾਕੇ ਵਿਚ 1 ਲੱਖ ਤੋਂ ਵੱਧ ਨੌਜਵਾਨ ਨਸ਼ਿਆਂ ਦੇ ਦਰਿਆ ਵਿਚ ਰੁੜ ਗਏ ਹਨ | ਬੇਰੁਜ਼ਗਾਰੀ ਦੇ ਝੰਬੇ ਪੰਜਾਬ ਦੇ ਬਹੁਤੇ ਨੌਜਵਾਨ ਗੈਂਗਸਟਰ ਗਤੀਵਿਧੀਆਂ ਵਿਚ ਸ਼ਾਮਿਲ ਹੋ ਕੇ ਆਪਣੀਆਂ ਜਾਨਾਂ ਗਵਾ ਰਹੇ ਹਨ, ਜਿਨ੍ਹਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਦੂਜੇ ਪਾਸੇ, ਪੰਜਾਬ ਦੇ ਲੋਕਾਂ ਵਿਚ ਘੱਟ ਬੱਚੇ ਪੈਦਾ ਕਰਨ ਦਾ ਰੁਝਾਨ ਵੱਧ ਚੁੱਕਾ ਹੈ, ਜਿਸ ਨਾਲ ਪੰਜਾਬ ਵਿਚ ਜਨਮ ਦੇ ਅੰਕੜਿਆਂ ਤੋਂ ਮੌਤ ਦਰ ਦੇ ਅੰਕੜੇ ਅੱਗੇ ਲੰਘ ਰਹੇ ਹਨ | ਸਮੇਂ-ਸਮੇਂ ਦੀਆਂ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਪੰਜਾਬ ਦੇ ਇਨ੍ਹਾਂ ਹਾਲਾਤਾਂ ਨੂੰ ਅੱਖੋਂ-ਪਰੋਖੇ ਕਰਨ ਨਾਲ ਵੱਡੀਆਂ ਚਿੰਤਾਵਾਂ ਖੜੀਆਂ ਹੋ ਚੁੱਕੀਆ ਹਨ | ਮੌਜੂਦਾ ਹਲਾਤਾਂ ਵਿਚ ਪੰਜਾਬ ਦੇ ਦਿਹਾਤੀ ਖੇਤਰਾਂ ਵਿਚ ਵੱਧ ਰਹੀ ਨੌਜਵਾਨਾਂ ਦੀ ਘਾਟ ਪੰਜਾਬ ਦੇ ਖੇਤੀ ਖੇਤਰ ਲਈ ਨਵਾਂ ਸੰਕਟ ਖੜਾ ਕਰ ਸਕਦੀ ਹੈ | ਤਾਜ਼ਾ ਹਲਾਤਾਂ ਅਨੁਸਾਰ ਪੰਜਾਬ ਦੀ ਨੌਜਵਾਨ ਕਿਸਾਨੀ ਅਤੇ ਮਜ਼ਦੂਰ ਪੀੜ੍ਹੀ ਖੇਤੀ ਧੰਦੇ ਨਾਲੋਂ ਟੁੱਟ ਰਹੀ ਹੈ | ਤਾਜ਼ਾ ਅੰਕੜੇ ਅਨੁਸਾਰ ਖੇਤੀ ਧੰਦੇ ਨਾਲ ਜੁੜੇ 60 ਫ਼ੀਸਦੀ ਕਾਮਿਆਂ ਦੀ ਉਮਰ 38 ਸਾਲ ਤੋਂ ਪਾਰ ਕਰ ਚੁੱਕੀ ਹੈ | ਪੰਜਾਬ ਦੇ 65 ਲੱਖ ਘਰਾਂ ਵਿਚੋਂ 60 ਲੱਖ ਕਾਮੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰ ਰਹੇ ਹਨ, ਜਦੋਂਕਿ ਨੌਜਵਾਨ ਕਾਮਿਆਂ ਦਾ ਖੇਤੀ ਕਰਨ ਦੇ ਧੰਦੇ ਤੋਂ ਹਰ ਰੋਜ਼ ਮੋਹ ਭੰਗ ਹੁੰਦਾ ਜਾ ਰਿਹਾ | ਪੰਜਾਬ ਦੀ ਖੇਤੀ ਅਰਥ ਵਿਵਸਥਾ ਪ੍ਰਵਾਸੀ ਮਜ਼ਦੂਰਾਂ ਅਤੇ ਪੰਜਾਬੀ ਔਰਤਾਂ ਦੇ ਸਹਾਰੇ ਚੱਲ ਰਹੀ ਹੈ | ਪੰਜਾਬ ਵਿਚ 58 ਫ਼ੀਸਦੀ ਔਰਤਾਂ ਖੇਤ ਮਜ਼ਦੂਰੀ ਵਿਚ ਆਪਣਾ ਯੋਗਦਾਨ ਪਾ ਰਹੀਆਂ ਹਨ | ਔਰਤਾਂ ਦੀ ਮਿਹਨਤ ਸਦਕਾ ਅੰਨ ਦਾਤਿਆ ਦਾ ਸੂਬਾ ਹੁਣ ਅੰਨ ਦਾਤੀਆਂ ਦਾ ਸੂਬਾ ਬਣ ਚੁੱਕਾ ਹੈ | ਕੇਂਦਰ ਅਤੇ ਰਾਜ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦਾ ਖੇਤੀ ਖੇਤਰ ਕਾਫ਼ੀ ਮੁਸ਼ਕਿਲਾਂ ਵਿਚ ਗੁਜ਼ਰ ਰਿਹਾ ਹੈ | ਕੌਮੀ ਪੋਰਟਲ ਅਨੁਸਾਰ ਦੇਸ਼ ਵਿਚ ਖੇਤੀ ਕਰਨ ਵਾਲੇ ਸੂਬਿਆਂ ਵਿਚੋਂ ਪੰਜਾਬ ਵਿਚ ਖੇਤੀ ਮਜ਼ਦੂਰਾਂ ਦੀ ਗਿਣਤੀ ਸਭ ਤੋਂ ਘੱਟ ਚੁੱਕੀ ਹੈ | ਤਾਜ਼ਾ ਅੰਕੜਿਆਂ ਅਨੁਸਾਰ ਰਾਜਸਥਾਨ ਵਿਚ 69 ਫ਼ੀਸਦੀ, ਮੱਧ ਪ੍ਰਦੇਸ਼ ਵਿਚ 58 ਫ਼ੀਸਦੀ, ਬਿਹਾਰ ਵਿਚ 56 ਫ਼ੀਸਦੀ, ਉੱਤਰ ਪ੍ਰਦੇਸ਼ ਵਿਚ 57.5 ਫ਼ੀਸਦੀ, ਗੁਜਰਾਤ ਵਿਚ 49 ਫ਼ੀਸਦੀ ਅਤੇ ਪੰਜਾਬ ਵਿਚ 45 ਫ਼ੀਸਦੀ ਮਜ਼ਦੂਰ ਖੇਤੀ ਧੰਦੇ ਨਾਲ ਜੁੜੇ ਹੋਏ ਹਨ | ਇਸ ਤੋਂ ਇਸ ਸਪਸ਼ਟ ਹੁੰਦਾ ਹੈ ਖੇਤੀ ਕਿੱਤੇ ਨਾਲ ਜੁੜੇ ਮਜ਼ਦੂਰਾਂ ਵਿਚ ਰਾਜਸਥਾਨ ਸਭ ਤੋਂ ਮੋਹਰੀ ਅਤੇ ਪੰਜਾਬ ਸਭ ਤੋਂ ਫਾਡੀ ਸੂਬਾ ਬਣ ਚੁੱਕਾ ਹੈ | ਇਨ੍ਹਾਂ ਅੰਕੜਿਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਦੇਸ਼ ਵਿਚ ਅਨਾਜ ਪੈਦਾ ਕਰਨ ਵਿਚ ਸਭ ਤੋਂ ਮੋਹਰੀ ਸੂਬਾ ਪੰਜਾਬ ਆਉਣ ਵਾਲੇ ਸਮੇਂ ਲਈ ਖੇਤ ਮਜ਼ਦੂਰਾਂ ਦੀ ਘਾਟ ਕਾਰਨ ਕਾਫ਼ੀ ਪਛੜ ਸਕਦਾ ਹੈ, ਜਿਸ ਨਾਲ ਪੰਜਾਬ ਦੇ ਖੇਤੀ ਖੇਤਰ ਵਿਚ ਗਿਰਾਵਟ ਆਉਣ ਦੇ ਆਸਾਰ ਬਣ ਸਕਦੇ ਹਨ, ਜੋ ਦੇਸ਼ ਦੇ ਅੰਨ ਭੰਡਾਰ ਲਈ ਅਸ਼ੁੱਭ ਸੰਕੇਤ ਹੈ | ਇਨ੍ਹਾਂ ਹਾਲਾਤਾਂ ਨੂੰ ਵੇਖਦੇ ਹੋਏ ਕੇਂਦਰ ਤੇ ਰਾਜ ਸਰਕਾਰ ਨੂੰ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਅਗਾਂਹੂ ਹੋ ਕੇ ਕਦਮ ਚੁੱਕਣੇ ਚਾਹੀਦੇ ਹਨ |

ਪਿਛਲੀ ਖ਼ਬਰ ਰਾਜਪਾਲ ਕਟਾਰੀਆ ਵਲੋਂ ਐਸ. ਅਸ਼ੋਕ ਭੌਰਾ ਦੀ ਪੁਸਤਕ 'ਪੰਜਾਬੀ ਰੂਟਸ ਅਮੈਰੀਕਨ ਡਰੀਮਜ਼' ਜਾਰੀ ਅਗਲੀ ਖ਼ਬਰ ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।