ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਟ੍ਰੈਫਿਕ ਦੇ ਬਦਲੇ ਹੋਏ ਰੂਟ ਜਾਰੀ
ਮੋਗਾ, 15 ਫਰਵਰੀ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ 2.0' ਤਹਿਤ ਕਿੱਲੀ ਚਹਿਲ ਜ਼ਿਲ੍ਹਾ ਮੋਗਾ ਵਿਖੇ ਇਕ ਸੂਬਾ ਪੱਧਰੀ ਵਿਸ਼ਾਲ ਸਮਾਗਮ 16 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਦੀ ਆਮਦ ਦੀ ਸੰਭਾਵਨਾ ਨੂੰ ਦੇਖਦਿਆਂ ਜ਼ਿਲ੍ਹਾ ਪੁਲਿਸ ਮੋਗਾ ਵਲੋਂ ਆਵਾਜਾਈ ਨੂੰ ਸੁਚਾਰੂ, ਸੁਰੱਖਿਅਤ ਅਤੇ ਨਿਰਵਿਘਨ ਬਣਾਉਣ ਲਈ ਵਿਸ਼ੇਸ਼ ਟ੍ਰੈਫਿਕ ਪ੍ਰਬੰਧ ਕੀਤੇ ਗਏ ਹਨ | ਐਸ.ਐਸ.ਪੀ. ਮੋਗਾ ਅਜੈ ਗਾਂਧੀ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਪਹਿਲ ਦਿੰਦਿਆਂ ਵੱਖ-ਵੱਖ ਦਿਸ਼ਾਵਾਂ ਤੋਂ ਆਉਣ ਵਾਲੇ ਵਾਹਨਾਂ ਲਈ ਬਦਲੇ ਹੋਏ ਰੂਟ ਨਿਰਧਾਰਿਤ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ | ਬਦਲੇ ਹੋਏ ਰੂਟਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਫ਼ਰੀਦਕੋਟ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਗੁਰੂਹਰਸਹਾਏ ਤੋਂ ਆਉਣ ਵਾਲੇ ਲੋਕ ਜਿਨ੍ਹਾਂ ਨੇ ਲੁਧਿਆਣਾ ਜਾਂ ਚੰਡੀਗੜ੍ਹ ਜਾਣਾ ਹੈ, ਉਹ ਤਲਵੰਡੀ ਭਾਈ ਤੋਂ ਜ਼ੀਰਾ, ਕੋਟ ਈਸੇ ਖਾਂ, ਧਰਮਕੋਟ ਅਤੇ ਸਿਧਵਾਂ ਬੇਟ ਰਾਹੀਂ ਲੁਧਿਆਣਾ ਵੱਲ ਜਾ ਸਕਣਗੇ | ਰੈਲੀ ਵਿਚ ਸ਼ਾਮਿਲ ਹੋਣ ਵਾਲੇ ਵਿਅਕਤੀ ਤਲਵੰਡੀ ਭਾਈ ਤੋਂ ਮੋਗਾ ਅਤੇ ਬੁੱਘੀਪੁਰਾ ਚੌਕ ਰਾਹੀਂ ਸਮਾਗਮ ਸਥਾਨ ਕਿੱਲੀ ਚਹਿਲ ਪਹੁੰਚ ਸਕਦੇ ਹਨ | ਬਰਨਾਲਾ, ਸੰਗਰੂਰ, ਪਟਿਆਲਾ ਅਤੇ ਜੀਂਦ ਵਲੋਂ ਆਉਣ ਵਾਲੇ ਲੋਕ ਜਿਨ੍ਹਾਂ ਨੇ ਸ੍ਰੀ ਅੰਮਿ੍ਤਸਰ ਸਾਹਿਬ, ਤਰਨ ਤਾਰਨ ਜਾਂ ਪਠਾਨਕੋਟ ਜਾਣਾ ਹੈ, ਉਹ ਹਿੰਮਤਪੁਰਾ ਤਿਕੋਣੀ ਤੋਂ ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ ਅਤੇ ਮੁਦਕੀ ਰਾਹੀਂ ਨੈਸ਼ਨਲ ਹਾਈਵੇਅ 'ਤੇ ਜਾ ਸਕਦੇ ਹਨ | ਅਬੋਹਰ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਆਉਣ ਵਾਲੇ ਲੋਕ ਜਿਨ੍ਹਾਂ ਨੇ ਲੁਧਿਆਣਾ ਜਾਣਾ ਹੈ, ਉਹ ਕੋਟਕਪੂਰਾ, ਮੁਦਕੀ, ਜ਼ੀਰਾ ਅਤੇ ਕੋਟ ਈਸੇ ਖਾਂ ਰਾਹੀਂ ਸਿਧਵਾਂ ਬੇਟ ਹੁੰਦੇ ਹੋਏ ਲੁਧਿਆਣਾ ਪਹੁੰਚ ਸਕਣਗੇ | ਚੰਡੀਗੜ੍ਹ ਅਤੇ ਲੁਧਿਆਣਾ ਤੋਂ ਆਉਣ ਵਾਲੇ ਲੋਕ ਜਿਨ੍ਹਾਂ ਨੇ ਅੱਗੇ ਫ਼ਿਰੋਜ਼ਪੁਰ, ਫ਼ਰੀਦਕੋਟ, ਜ਼ੀਰਾ ਅਤੇ ਫ਼ਾਜ਼ਿਲਕਾ ਵੱਲ ਜਾਣਾ ਹੈ, ਉਹ ਨਾਨਕਸਰ, ਗਾਲਿਬ ਕਲਾਂ, ਕੋਕਰੀ ਕਲਾਂ ਅਤੇ ਕੋਟ ਈਸੇ ਖਾਂ ਰਾਹੀਂ ਆਪਣੀ ਮੰਜ਼ਿਲ ਵੱਲ ਜਾ ਸਕਦੇ ਹਨ | ਹੁਸ਼ਿਆਰਪੁਰ, ਫਗਵਾੜਾ ਅਤੇ ਐਸ.ਬੀ.ਐਸ. ਨਗਰ ਤੋਂ ਆਉਣ ਵਾਲੇ ਲੋਕ ਜਿਨ੍ਹਾਂ ਨੇ ਸਮਾਗਮ ਸਥਾਨ 'ਤੇ ਪਹੁੰਚਣਾ ਹੈ, ਉਹ ਨਕੋਦਰ, ਮਹਿਤਪੁਰ, ਸਿਧਵਾਂ ਬੇਟ ਅਤੇ ਜਗਰਾਉਂ ਰਾਹੀਂ ਕਿੱਲੀ ਚਹਿਲ ਪਹੁੰਚ ਸਕਦੇ ਹਨ | ਸ੍ਰੀ ਅੰਮਿ੍ਤਸਰ ਸਾਹਿਬ, ਤਰਨ ਤਾਰਨ ਅਤੇ ਪਠਾਨਕੋਟ ਤੋਂ ਆਉਣ ਵਾਲੇ ਲੋਕ ਜਿਨ੍ਹਾਂ ਨੇ ਸਮਾਗਮ ਸਥਾਨ 'ਤੇ ਪਹੁੰਚਣਾ ਹੈ, ਉਹ ਮਖੂ, ਜ਼ੀਰਾ, ਤਲਵੰਡੀ ਭਾਈ, ਮੋਗਾ ਅਤੇ ਬੁੱਘੀਪੁਰਾ ਚੌਕ ਰਾਹੀਂ ਕਿੱਲੀ ਚਹਿਲ ਸਮਾਗਮ ਸਥਾਨ 'ਤੇ ਪਹੁੰਚ ਸਕਦੇ ਹਨ | ਲੋਕਾਂ ਦੀ ਸਹੂਲਤ ਅਤੇ ਟ੍ਰੈਫਿਕ ਸੰਬੰਧੀ ਜਾਣਕਾਰੀ ਲਈ ਜ਼ਿਲ੍ਹਾ ਮੋਗਾ ਦੇ ਕੰਟਰੋਲ ਰੂਮ ਦੇ ਮੋਬਾਈਲ ਨੰਬਰ 97800-01879 ਅਤੇ 96568-96568 ਜਾਰੀ ਕੀਤੇ ਗਏ ਹਨ | ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਜਾਂ ਸਹਾਇਤਾ ਲਈ ਇਨ੍ਹਾਂ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਅੰਤ ਵਿਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਨਿਰਧਾਰਿਤ ਕੀਤੇ ਗਏ ਬਦਲੇ ਹੋਏ ਰੂਟਾਂ ਦਾ ਹੀ ਵਰਤੋਂ ਕੀਤਾ ਜਾਵੇ ਤਾਂ ਜੋ ਆਵਾਜਾਈ ਸੁਚਾਰੂ ਬਣੀ ਰਹੇ ਅਤੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ |
ਪੰਜਾਬ ਸਰਕਾਰ ਵਲੋਂ ਕਿੱਲੀ ਚਾਹਲਾਂ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੂਬਾ ਪੱਧਰੀ ਵਿਸ਼ਾਲ ਰੈਲੀ ਅੱਜ
ਅਜੀਤ ਡੈਸਕ
16-02-2026