ਸੁਖਬੀਰ ਨੇ ਅਰਵਿੰਦ ਖੰਨਾ ਨੂੰ ਸੰਗਰੂਰ ਤੇ ਵਿਨਰਜੀਤ ਸਿੰਘ ਗੋਲਡੀ ਨੂੰ ਸੁਨਾਮ ਦਾ ਹਲਕਾ ਇੰਚਾਰਜ ਲਗਾਇਆ
ਸੰਗਰੂਰ, 15 ਫਰਵਰੀ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਖੰਨਾ ਆਪਣੇ ਸਾਥੀਆਂ ਸਮੇਤ ਸ਼ੋ੍ਰਮਣੀ ਅਕਾਲੀ ਦਲ (ਬ) ਵਿਚ ਸ਼ਾਮਿਲ ਹੋ ਗਏ | ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਵਾਉਣ ਦੀ ਰਸਮ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਦਾ ਕੀਤੀ | ਸਥਾਨਕ ਪਟਿਆਲਾ ਰੋਡ ਸਥਿਤ ਇਕ ਮੈਰਿਜ ਪੈਲੇਸ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸਾਰੇ ਪੰਜਾਬੀਆਂ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਝੰਡੇ ਹੇਠ ਇਕੱਠੇ ਹੋ ਜਾਣਾ ਚਾਹੀਦਾ ਹੈ | ਪਿਛਲੇ 10 ਵਰਿ੍ਹਆਂ ਤੋਂ ਪੰਜਾਬ ਪਛੜ ਗਿਆ ਹੈ, ਇਸ ਲਈ ਸ਼ੋ੍ਰਮਣੀ ਅਕਾਲੀ ਦਲ ਨੂੰ ਅੱਗੇ ਲਿਆਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਦ ਵੀ ਕੋਈ ਤੂਫ਼ਾਨ ਉੱਠਦਾ ਹੈ ਤਾਂ ਸੰਗਰੂਰ ਧਰਤੀ ਤੋਂ ਹੀ ਉੱਠਦਾ ਹੈ ਅਤੇ ਹੁਣ ਸੰਗਰੂਰ ਨੇ ਹੀ ਇਸ ਤੂਫ਼ਾਨ ਵਿਚ ਤਾਕਤ ਭਰਨੀ ਹੈ | ਦਲਜੀਤ ਸਿੰਘ ਸੇਖੋਂ ਐਡਵੋਕੇਟ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸੱਦਾ ਦਿੱਤਾ ਕਿ 2027 ਵਿਚ 5 ਸਾਲ ਅਕਾਲੀ ਦਲ ਨੂੰ ਦੇ ਦਿਓ ਪੰਜਾਬ ਦੀ ਕਾਇਆ ਕਲਪ ਕਰ ਦਿਆਂਗੇ | ਪੰਜਾਬ ਨੂੰ ਮੁੜ ਲੀਹ 'ਤੇ ਲਿਆਉਣ ਲਈ ਅਸੀ ਏਜੰਡਾ ਤਿਆਰ ਕਰ ਰੱਖਿਆ ਹੈ | ਸੁਖਬੀਰ ਸਿੰਘ ਬਾਦਲ ਨੇ ਅਰਵਿੰਦ ਖੰਨਾ ਨੂੰ ਹਲਕਾ ਇੰਚਾਰਜ ਸੰਗਰੂਰ ਤੇ ਵਿਨਰਜੀਤ ਸਿੰਘ ਗੋਲਡੀ ਨੂੰ ਹਲਕਾ ਇੰਚਾਰਜ ਸੁਨਾਮ ਐਲਾਨਿਆ | ਅਰਵਿੰਦ ਖੰਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਵਿਚ ਸ਼ਾਮਿਲ ਹੋਣ ਲਈ ਸੋਚ ਰਹੇ ਸਨ | ਇਸ ਮੌਕੇ ਪਾਰਟੀ ਦੇ ਕੌਮੀ ਬੁਲਾਰੇ ਵਿਨਰਜੀਤ ਸਿੰਘ ਗੋਲਡੀ, ਸੂਬਾ ਮੀਤ ਪ੍ਰਧਾਨ ਇਕਬਾਲਜੀਤ ਸਿੰਘ ਪੂਨੀਆ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਜਸਵਿੰਦਰ ਸਿੰਘ ਪਿ੍ੰਸ, ਬੀਬੀ ਪਰਮਜੀਤ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਜਸਵੀਰ ਸਿੰਘ ਦਿਓਲ, ਭੁਪਿੰਦਰ ਸਿੰਘ ਭਲਵਾਨ ਮੈਂਬਰ ਸ਼ੋ੍ਰਮਣੀ ਕਮੇਟੀ, ਗੁਰਜੰਟ ਸਿੰਘ ਵਾਲੀਆ, ਬਰਿੰਦਰਜੀਤ ਸਿੰਘ ਬਜਾਜ, ਅਮਰੀਕ ਸਿੰਘ ਹਥਣ, ਹਰਪਾਲ ਸਿੰਘ ਖਡਿਆਲ, ਰਣਜੀਤ ਸਿੰਘ ਕਾਤਰੋਂ ਅਤੇ ਹੋਰ ਆਗੂ ਵੀ ਮੌਜੂਦ ਸਨ | ਅਰਵਿੰਦ ਖੰਨਾ ਨਾਲ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਵਿਚ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੁੱਲਟ, ਮੰਜੁਲਾ ਸ਼ਰਮਾ ਜ਼ਿਲ੍ਹਾ ਪ੍ਰਧਾਨ ਭਾਜਪਾ ਮਹਿਲਾ ਮੋਰਚਾ, ਹਰਬੰਸ ਸਿੰਘ ਗਰਚਾ ਸਾਬਕਾ ਪ੍ਰਧਾਨ ਨਗਰ ਕੌਂਸਲ, ਦਲਜੀਤ ਸਿੰਘ ਸੇਖੋਂ ਐਡਵੋਕੇਟ, ਦਸਵੀਰ ਸਿੰਘ ਡੱਲੀ ਐਡਵੋਕੇਟ, ਜਗਜੀਤ ਸਿੰਘ ਜੱਗੀ ਐਡਵੋਕੇਟ, ਕਰਮਜੀਤ ਸਿੰਘ ਸਰਪੰਚ ਬਘਰੌਲ, ਦਿਨੇਸ਼ ਪਰੋਚਾ, ਬੂਟਾ ਸਿੰਘ ਸਰਪੰਚ, ਪਰਵਿੰਦਰ ਸਿੰਘ ਘਰਾਚੋਂ ਜ਼ਿਲ੍ਹਾ ਪ੍ਰਧਾਨ ਭਾਜਪਾ ਯੁਵਾ ਮੋਰਚਾ, ਨਰਿੰਦਰ ਕੁਮਾਰ ਸੈਲੀ, ਮੋਤੀ ਲਾਲ ਮਨਚੰਦਾ, ਜੋਗੀ ਰਾਮ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਸੰਗਰੂਰ, ਚਿਤਵੰਤ ਸਿੰਘ ਹਨੀ ਮਾਨ, ਅਮਰਜੀਤ ਸਿੰਘ ਸਾਬਕਾ ਐਮ.ਸੀ., ਇੰਦਰਪਾਲ ਸਿੰਘ ਸਿਬੀਆ ਸਾਬਕਾ ਐਮ.ਸੀ., ਲਲਿਤ ਗਰਗ, ਗੁਰਮੀਤ ਸਿੰਘ ਕਾਕਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਸੰਗਰੂਰ, ਕੌਂਸਲਰ ਆਸ਼ਾ ਰਾਣੀ, ਸਾਬਕਾ ਕੌਂਸਲਰ ਦੀਪਕ ਅਗਰਵਾਲ, ਜਗਦੀਪ ਸਿੰਘ ਮਿੰਟੂ ਤੂਰ, ਰਿਤੂ ਕੰਡਾ ਕੌਂਸਲਰ, ਮਨਪ੍ਰੀਤ ਸਿੰਘ ਮੋਨੂ, ਸੁਖਜਿੰਦਰ ਸਿੰਘ ਰਿੰਟੂ ਚਾਹਲ, ਰਿਸ਼ੂ ਬਾਗੜੀ, ਗੁਰਮੀਤ ਸਿੰਘ ਰਾਜਾ ਅਤੇ ਹੋਰ ਆਗੂ ਸ਼ਾਮਿਲ ਹਨ | ਅਰਵਿੰਦ ਖੰਨਾ ਦੇ ਇਸ ਕਦਮ ਨੂੰ ਘਰ ਵਾਪਸੀ ਕਿਹਾ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੇ ਆਪਣਾ ਸਿਆਸੀ ਸਫ਼ਰ ਸ਼ੋ੍ਰਮਣੀ ਅਕਾਲੀ ਦਲ ਤੋਂ ਸ਼ੁਰੂ ਕੀਤਾ ਸੀ | ਬਾਅਦ ਵਿਚ ਕਾਂਗਰਸ ਵਿਚ ਸ਼ਾਮਿਲ ਹੋ ਗਏ ਸਨ | ਥੋੜ੍ਹਾ ਸਮਾਂ ਪਹਿਲਾ ਉਨ੍ਹਾਂ ਨੇ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ |
ਭਾਜਪਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਖੰਨਾ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਿਲ
ਅਜੀਤ ਡੈਸਕ
16-02-2026