21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਕਿਤਾਬਾਂ ਤੋਂ ਮੋਬਾਈਲਾਂ ਤੱਕ ਪੁੱਜੀ ਸਿੱਖਿਆ ਸਕੂਲੀ ਬੱਚਿਆਂ ਦਾ ਭਵਿੱਖ ਕਰ ਰਹੀ ਧੁੰਦਲਾ

ਅਜੀਤ ਡੈਸਕ 16-02-2026

ਬੱਚਿਆਂ ਦੀ ਨਿਗ੍ਹਾ ਹੋ ਰਹੀ ਹੈ ਕਮਜ਼ੋਰ, ਹਰ ਤੀਜਾ ਬੱਚਾ ਨਜ਼ਰ ਘੱਟ ਹੋਣ ਦੀ ਸਮੱਸਿਆ ਨਾਲ ਜੂਝ ਰਿਹਾ
ਬਠਿੰਡਾ, 15 ਫਰਵਰੀ (ਸੱਤਪਾਲ ਸਿੰਘ ਸਿਵੀਆਂ)-ਪੰਜਾਬ 'ਚ ਅਕਸਰ ਇਹ ਕਹਾਵਤ ਸੁਣਨ ਨੂੰ ਮਿਲਦੀ ਹੈ ਕਿ 'ਅੱਖਾਂ ਗਈਆਂ ਤਾਂ ਜਹਾਨ ਗਿਆ, ਦੰਦ ਗਏ ਤਾਂ ਸਵਾਦ ਗਿਆ', ਭਾਵ ਜੇਕਰ ਇਨਸਾਨ ਦੀਆਂ ਅੱਖਾਂ ਦੀ ਨਿਗ੍ਹਾ (ਨਜ਼ਰ) ਚਲੀ ਜਾਂਦੀ ਹੈ ਤਾਂ ਉਸ ਦਾ ਦੇਖਣ ਪੱਖੋਂ ਜਹਾਨ (ਦੁਨੀਆ) ਖੁੱਸ ਜਾਂਦਾ ਹੈ ਅਤੇ ਅਜਿਹਾ ਅਕਸਰ ਇਨਸਾਨ ਵਿਚ ਬੁਢਾਪੇ ਦੇ ਦੌਰ ਵਿਚ ਪਹੁੰਚ ਕੇ ਹੁੰਦਾ ਹੈ ਪਰ ਹੁਣ ਇਹ ਕਹਾਵਤ ਸਾਡੇ ਨੌਜਵਾਨ ਹੀ ਨਹੀਂ ਸਗੋਂ ਨੰਨੇ-ਮੁੰਨੇ ਬੱਚਿਆਂ 'ਤੇ ਵੀ ਢੁੱਕ ਰਹੀ ਹੈ, ਜੋ ਕਿਤਾਬਾਂ ਤੋਂ ਮੋਬਾਈਲ ਫੋਨਾਂ ਵਿਚ ਪੁੱਜੀ ਸਿੱਖਿਆ ਦੇ ਮਾਰੂ ਅਸਰ ਕਰਕੇ ਆਪਣੇ ਬਚਪਨ ਦੇ ਦੌਰ ਵਿਚ ਹੀ ਨਿਗ੍ਹਾ ਕਮਜ਼ੋਰ ਹੋਣ ਦੀ ਵੱਡੀ ਸਮੱਸਿਆ ਨਾਲ ਜੂਝ ਰਹੇ ਹਨ | ਹੁਣ ਉਨ੍ਹਾਂ ਦੇ ਚਿਹਰਿਆਂ 'ਤੇ ਬਚਪਨ ਦੀਆਂ ਮੌਜਾਂ ਦੇ ਚਾਅ-ਮਲਾਰ ਘੱਟ, ਸਗੋਂ ਐਨਕਾਂ ਦਾ ਭਾਰ ਵੱਧ ਦਿਖਾਈ ਦਿੰਦਾ ਹੈ | ਸੱਚ ਤਾਂ ਇਹ ਹੈ ਕਿ 'ਨਿਗ੍ਹਾ' ਪੱਖੋਂ ਪੰਜਾਬ ਦੇ ਇਨ੍ਹਾਂ ਨੰਨੇ-ਮੁੰਨੇ ਪਾੜਿ੍ਹਆਂ ਦਾ ਕਾਇਦਾ ਹੀ ਨਹੀਂ, ਭਵਿੱਖ ਵੀ ਧੁੰਦਲਾ ਹੁੰਦਾ ਦਿਖਾਈ ਦੇ ਰਿਹਾ ਹੈ | ਪੰਜਾਬ ਅੰਦਰ ਸਕੂਲੀ ਬੱਚਿਆਂ ਦੀ ਲਗਾਤਾਰ ਘਟਦੀ ਜਾ ਰਹੀ ਨਜ਼ਰ ਵੱਡੀ ਚਿੰਤਾ ਦਾ ਵਿਸ਼ਾ ਹੈ, ਜੋ ਆਉਣ ਵਾਲੇ ਸਮੇਂ ਅੰਦਰ ਸਿਹਤ, ਸਮਾਜਿਕ ਅਤੇ ਸਿੱਖਿਆ ਸੰਬੰਧੀ ਵੀ ਵੱਡਾ ਸੰਕਟ ਬਣ ਸਕਦੀ ਹੈ | ਪੰਜਾਬ ਅੰਦਰ ਸਕੂਲੀ ਬੱਚਿਆਂ ਦੀ ਨਜ਼ਰ ਜਾਂਚਣ ਲਈ ਵੱਖ-ਵੱਖ ਸਮੇਂ ਉਪਰ ਕੀਤੇ ਗਏ ਸਰਕਾਰੀ ਸਕਰੀਨਿੰਗ ਪ੍ਰੋਗਰਾਮਾਂ, ਜਿਵੇਂ ਕਿ ਨੈਸ਼ਨਲ ਪ੍ਰੋਗਰਾਮ ਫ਼ਾਰ ਕੰਟਰੋਲ ਆਫ਼ ਬਲਾਇੰਡਨੈਸ ਐਂਡ ਵਿਜੀਅਲ ਇੰਮਪਾਇਰਮੈਂਟ ਅਤੇ ਸਕੂਲ ਸਿਹਤ ਸਰਵਿਸਜ਼ ਦੇ ਅੰਕੜਿਆਂ ਉਪਰ ਝਾਤ ਮਾਰੀ ਜਾਵੇ ਤਾਂ ਪੰਜਾਬ ਅੰਦਰ 20 ਤੋਂ 30 ਫ਼ੀਸਦੀ ਸਕੂਲੀ ਬੱਚੇ ਨਜ਼ਰ ਦੇ ਕਿਸੇ ਨਾ ਕਿਸੇ ਦੋਸ਼ (ਸਮੱਸਿਆ) ਖ਼ਾਸ ਕਰਕੇ ਨੇੜੇ ਦੀ ਨਜ਼ਰ ਤੋਂ ਪ੍ਰਭਾਵਿਤ ਹਨ | ਸੂਬੇ ਦੇ ਸ਼ਹਿਰੀ ਖ਼ਿੱਤਿਆਂ ਦੇ ਬੱਚਿਆਂ ਵਿਚ ਇਹ ਪ੍ਰਭਾਵ 30 ਤੋਂ 35 ਫ਼ੀਸਦੀ ਤੱਕ ਦਰਜ ਕੀਤਾ ਗਿਆ ਹੈ, ਜਦਕਿ ਪੇਂਡੂ ਖ਼ਿੱਤੇ ਦੇ ਬੱਚਿਆਂ ਵਿਚ ਇਹ ਅਸਰ 15 ਤੋਂ 20 ਫ਼ੀਸਦੀ ਪਾਇਆ ਗਿਆ ਪਰ ਪੇਂਡੂ ਖੇਤਰਾਂ ਵਿਚ ਇਹ ਦੋਸ਼ ਲਗਾਤਾਰ ਵਧ ਰਿਹਾ ਹੈ | ਘਟ ਰਹੀ ਨਜ਼ਰ ਦੀ ਸਮੱਸਿਆ ਨਾਲ ਆਨਲਾਈਨ ਪੜ੍ਹਾਈ ਅਤੇ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਕਾਰਨ ਸਭ ਤੋਂ ਵੱਧ ਮਿਡਲ ਸਕੂਲ ਸਿੱਖਿਆ ਨਾਲ ਜੁੜੇ 8 ਤੋਂ 14 ਸਾਲ ਦੇ ਬੱਚੇ ਜੂਝ ਰਹੇ ਹਨ, ਜਦਕਿ ਲੰਬੇ ਸਮੇਂ ਦੀ ਪੜ੍ਹਾਈ, ਸਕਰੀਨ ਟਾਈਮ, ਕੋਚਿੰਗ ਅਤੇ ਬਾਹਰੀ ਗਤੀਵਿਧੀਆਂ ਘੱਟ ਹੋਣ ਕਰਕੇ ਇਸ ਮਾਰ ਹੇਠਾਂ 15 ਤੋਂ 18 ਸਾਲ ਦੇ ਬੱਚੇ ਵੀ ਬਹੁਤ ਆ ਰਹੇ ਹਨ | ਇਹ ਦਰ ਪੜ੍ਹਾਕੂ ਮੁੰਡੇ-ਕੁੜੀਆਂ ਦੋਵਾਂ ਵਿਚ ਸਾਹਮਣੇ ਆਈ ਹੈ ਪਰ ਪੜ੍ਹਾਈ ਵਿਚ ਜ਼ਿਆਦਾ ਸਮਾਂ ਗੁਜ਼ਾਰਨ ਕਰਕੇ ਕੁੜੀਆਂ ਨਜ਼ਰ ਦੀ ਸਮੱਸਿਆ ਤੋਂ ਵੱਧ ਪ੍ਰਭਾਵਿਤ ਹਨ | ਇਹੀ ਕਾਰਨ ਹੈ ਕਿ ਹੁਣ ਪੰਜਾਬ ਅੰਦਰ ਐਨਕ ਬੁੱਢੀ ਉਮਰ ਦੇ ਬਜ਼ੁਰਗਾਂ ਦੀਆਂ ਅੱਖਾਂ 'ਤੇ ਘੱਟ ਪਰ ਛੋਟੇ-ਛੋਟੇ ਸਕੂਲੀ ਬੱਚਿਆਂ ਦੀਆਂ ਅੱਖਾਂ ਉਪਰ ਸਭ ਤੋਂ ਵੱਧ ਦਿਖਾਈ ਦਿੰਦੀ ਹੈ | ਪੰਜਾਬ ਅੰਦਰ ਸਕੂਲੀ ਬੱਚਿਆਂ ਦੀਆਂ ਅੱਖਾਂ ਦੀ ਨਜ਼ਰ ਘਟਣ ਦਾ ਦੌਰ ਕਰੀਬ ਡੇਢ ਦਹਾਕਾ ਪਹਿਲਾਂ ਸਾਲ 2015 ਤੋਂ ਬਾਅਦ ਵਧਣਾ ਸ਼ੁਰੂ ਹੋਇਆ ਅਤੇ ਇਸ ਦਾ ਸਭ ਤੋਂ ਵੱਧ ਅਸਰ ਦੇਸ਼ ਅੰਦਰ ਫੈਲੀ 'ਕੋਰੋਨਾ ਮਹਾਂਮਾਰੀ' ਸਮੇਂ ਦੇਖਣ ਨੂੰ ਮਿਲਿਆ ਜਦੋਂ ਸਕੂਲ ਲੰਬਾ ਸਮਾਂ ਬੰਦ ਰਹੇ ਅਤੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਨਾਲ ਜੋੜਦੇ ਹੋਏ ਉਨ੍ਹਾਂ ਦੇ ਹੱਥਾਂ ਵਿਚ ਕੁਲਵਕਤੀ ਸਮੇਂ ਲਈ ਵੱਡੀਆਂ ਸਕਰੀਨਾਂ ਵਾਲੇ ਸਮਾਰਟ ਫੋਨ ਫੜਾ ਦਿੱਤੇ ਗਏ | ਕੋਰੋਨਾ ਦੀ ਸਮਾਪਤੀ ਉਪਰੰਤ ਵੀ ਬੱਚਿਆਂ ਵਿਚ ਮੋਬਾਇਲ ਫੋਨਾਂ ਉਪਰ ਪੜ੍ਹਾਈ ਕਰਨ ਦਾ ਰੁਝਾਨ ਘਟਿਆ ਨਹੀਂ ਸਗੋਂ ਡਿਜੀਟਲ ਵਰਤੋਂ ਕਾਰਨ ਜਾਰੀ ਰਿਹਾ | ਆਪਣੇ ਬੱਚਿਆਂ ਨੂੰ 'ਟਾਪ' ਉਤੇ ਲਿਆਉਣ ਲਈ ਉਨ੍ਹਾਂ ਨੂੰ ਕਿਤਾਬੀ ਕੀੜੇ ਬਣਾਉਣ ਦਾ ਮਾਪਿਆਂ ਵਿਚ ਰੁਝਾਨ ਬੇਸ਼ੱਕ ਕੋਈ ਨਵਾਂ ਨਹੀਂ ਹੈ ਪਰ 'ਕਿਤਾਬੀ' ਤੋਂ ਮੋਬਾਈਲ ਕੀੜੇ' ਬਣਾਏ ਇਹ ਬੱਚੇ ਲਗਾਤਾਰ ਅੰਨੇ੍ਹਪਣ ਦਾ ਸ਼ਿਕਾਰ ਹੋਣ ਵੱਲ ਵਧ ਰਹੇ ਹਨ, ਜਿਸ ਕਾਰਨ ਜਿਥੇ ਪਹਿਲਾਂ 10 ਤੋਂ 15 ਫ਼ੀਸਦੀ ਬੱਚਿਆਂ ਨੂੰ ਪੜ੍ਹਾਈ ਦੌਰਾਨ ਐਨਕਾਂ ਲਗਵਾਉਣ ਦੀ ਲੋੜ ਹੁੰਦੀ ਸੀ ਉਹ ਹੁਣ ਦੁਗਣੀ ਰਫ਼ਤਾਰ ਨਾਲ ਵਧ ਰਹੀ ਹੈ ਤੇ ਹਰ ਤੀਜਾ ਸਕੂਲੀ ਬੱਚਾ ਨਜ਼ਰ ਘੱਟ ਹੋਣ ਦਾ ਸਾਹਮਣਾ ਕਰ ਰਿਹਾ ਹੈ ਅਤੇ ਐਨਕ ਉਸ ਦੀਆਂ ਮੋਤੀਆਂ ਵਰਗੀਆਂ ਅੱਖਾਂ ਦਾ ਸ਼ਿੰਗਾਰ ਬਣ ਰਹੀ ਹੈ | ਨਜ਼ਰ ਦੀ ਘਾਟ ਕਾਰਨ ਬੱਚੇ ਸਕੂਲਾਂ ਵਿਚ ਬਲੈਕ-ਬੋਰਡ ਨੂੰ ਸਾਫ਼ ਨਹੀਂ ਦੇਖ ਸਕਦੇ ਅਤੇ ਉਨ੍ਹਾਂ ਨੂੰ ਕਿਤਾਬਾਂ ਵੀ ਅੱਖਾਂ ਦੇ ਨੇੜੇ ਲਿਆ ਕੇ ਪੜ੍ਹਨੀਆਂ ਪੈਂਦੀਆਂ ਹਨ, ਜਿਸ ਕਾਰਨ ਉਹ ਸਿਰਦਰਦ ਦੀ ਸ਼ਿਕਾਇਤ ਤੋਂ ਪੀੜਤ ਰਹਿੰਦੇ ਹਨ | ਕਈ ਮਾਪੇ ਇਸ ਨੂੰ ਆਮ ਗੱਲ ਮੰਨ ਕੇ ਨਜ਼ਰ-ਅੰਦਾਜ਼ ਕਰਦੇ ਹਨ ਪਰ ਮਾਹਿਰਾਂ ਅਨੁਸਾਰ ਇਹ ਬੱਚਿਆਂ ਦੇ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ | ਪੰਜਾਬ ਅੰਦਰ ਸਕੂਲੀ ਬੱਚਿਆਂ ਦੀ ਘਟਦੀ ਨਜ਼ਰ ਸਾਨੂੰ ਯਾਦ ਦਿਵਾਉਂਦੀ ਹੈ ਕਿ 'ਤਕਨਾਲੋਜੀ' ਅਤੇ 'ਟਾਪ' ਦਾ ਟੀਚਾ ਹਾਸਲ ਕਰਨ ਦੇ ਨਾਲ-ਨਾਲ ਸਿਹਤ ਦਾ ਸੰਤੁਲਨ ਵੀ ਜ਼ਰੂਰੀ ਹੈ, ਜਿਸ ਲਈ ਵਿਸ਼ਵ ਸਿਹਤ ਸੰਸਥਾ ਅਤੇ ਅੱਖਾਂ ਦੇ ਵਿਸੇਸ਼ਗਿਆਨੀ ਕਹਿੰਦੇ ਹਨ ਕਿ ਬੱਚਿਆਂ ਨੂੰ ਰੋਜ਼ਾਨਾ ਘੱਟੋ-ਘੱਟ 1 ਤੋਂ 2 ਘੰਟੇ ਬਾਹਰ ਖੇਡਣਾ ਚਾਹੀਦਾ, ਸਕੂਲਾਂ ਵਿਚ ਨਿਰੰਤਰ ਅੱਖਾਂ ਦੀ ਜਾਂਚ ਹੋਣੀ ਚਾਹੀਦੀ ਹੈ, ਕਲਾਸ-ਰੂਮ ਵਿਚ ਸਹੀ ਰੋਸ਼ਨੀ ਅਤੇ ਸਕੂਲ ਅਤੇ ਘਰ ਵਿਚ ਸਕਰੀਨ ਵਰਤੋਂ ਲਈ ਸਮਾਂ ਹੱਦ ਤੈਅ ਹੋਣਾ ਚਾਹੀਦਾ ਹੈ, ਨਹੀਂ ਤਾਂ ਜੇਕਰ ਅੱਜ ਸਰਕਾਰਾਂ, ਅਧਿਆਪਕਾਂ ਅਤੇ ਮਾਪਿਆਂ ਨੇ ਆਪਣੀ-ਆਪਣੀ ਜ਼ਿੰਮੇਵਾਰੀ ਸਮਝਦਿਆਂ ਇਹ ਸਾਵਧਾਨੀ ਨਾ ਵਰਤੀ ਤਾਂ ਆਉਣ ਵਾਲੀ ਪੀੜੀ ਦੀਆਂ ਅੱਖਾਂ ਦੀ ਰÏਸ਼ਨੀ ਹੀ ਨਹੀਂ, ਉਨ੍ਹਾਂ ਦਾ ਪੜ੍ਹਾਈ ਪੱਖੋਂ ਭਵਿੱਖ ਵੀ ਖ਼ਤਰੇ ਵਿਚ ਪੈ ਸਕਦਾ ਹੈ |

ਪਿਛਲੀ ਖ਼ਬਰ ਵਿਸਾਖੀ ਮੌਕੇ 10 ਅਪ੍ਰੈਲ ਨੂੰ ਪਾਕਿ ਰਵਾਨਾ ਹੋਵੇਗਾ ਜਥਾ 14 ਨੂੰ ਹੋਵੇਗਾ ਮੁੱਖ ਸਮਾਗਮ ਅਤੇ 19 ਨੂੰ ਵਾਪਸੀ <br... ਅਗਲੀ ਖ਼ਬਰ 328 ਪਾਵਨ ਸਰੂਪ ਮਾਮਲਾ ਹਾਈ ਕੋਰਟ ਵਲੋਂ ਬਾਜ ਸਿੰਘ, ਗੁਰਬਚਨ ਸਿੰਘ ਤੇ ਗੁਰਮੁੱਖ ਸਿੰਘ ਨੂੰ ਅਗਾਊਾ ਜ਼ਮਾਨਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।