ਅੰਮਿ੍ਤਸਰ, 15 ਫਰਵਰੀ (ਸੁਰਿੰਦਰ ਕੋਛੜ)-ਖ਼ਾਲਸਾ ਸਾਜਨਾ ਦਿਵਸ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ 'ਤੇ ਜਾਣ ਵਾਲੇ ਭਾਰਤੀ ਸਿੱਖ ਯਾਤਰੂਆਂ ਲਈ 10 ਦਿਨਾਂ ਦਾ ਵੀਜ਼ਾ ਜਾਰੀ ਕੀਤਾ ਜਾਵੇਗਾ | ਇਸ ਬਾਰੇ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਦੇ ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ ਨੇ 'ਅਜੀਤ' ਨਾਲ ਯਾਤਰਾ ਦੀ ਸਮਾਂ ਸਾਰਣੀ ਸਾਂਝਾ ਕਰਦਿਆਂ ਦੱਸਿਆ ਕਿ 10 ਅਪ੍ਰੈਲ ਨੂੰ ਭਾਰਤੀ ਯਾਤਰੂਆਂ ਦੇ ਅਟਾਰੀ ਸਰਹੱਦ ਰਾਹੀਂ ਸੜਕ ਰਸਤੇ ਪੈਦਲ ਵਾਹਗਾ ਪਹੁੰਚਣ 'ਤੇ ਉਥੋਂ ਯਾਤਰੂਆਂ ਨੂੰ ਭਾਰੀ ਸੁਰੱਖਿਆ ਹੇਠ ਸਿੱਧਾ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਲਿਜਾਇਆ ਜਾਵੇਗਾ, ਜਿਥੇ 11 ਅਪ੍ਰੈਲ ਨੂੰ ਯਾਤਰੂ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ ਅਤੇ 12 ਅਪ੍ਰੈਲ ਨੂੰ ਜਥਾ ਫਾਰੂਖਾਬਾਦ ਸਥਿਤ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕਰਨ ਪਹੁੰਚੇਗਾ | ਉਸੇ ਰਾਤ ਜਥਾ ਬੱਸਾਂ ਰਾਹੀਂ ਹਸਨ ਅਬਦਾਲ ਪਹੁੰਚੇਗਾ ਅਤੇ 13 ਅਪ੍ਰੈਲ ਨੂੰ ਯਾਤਰੂ ਪੀਰ ਵਲੀ ਕੰਧਾਰੀ ਦੀ ਮਜ਼ਾਰ 'ਤੇ ਮੱਥਾ ਟੇਕਣ ਜਾਣਗੇ | 14 ਅਪ੍ਰੈਲ ਨੂੰ ਵਿਸਾਖੀ ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਰੱਖੇ ਅਖੰਡ ਪਾਠ ਦੇ ਭੋਗ ਉਪਰੰਤ 15 ਅਪ੍ਰੈਲ ਨੂੰ ਜਥਾ ਜ਼ਿਲ੍ਹਾ ਨਾਰੋਵਾਲ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚੇਗਾ | ਉਥੇ ਰਾਤ ਰੁਕਣ ਉਪਰੰਤ ਯਾਤਰੂ 17 ਅਪ੍ਰੈਲ ਨੂੰ ਏਮਨਾਬਾਦ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ | ਉਸੇ ਰਾਤ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਪਹੁੰਚਣ ਉਪਰੰਤ ਯਾਤਰੂ 18 ਅਪ੍ਰੈਲ ਨੂੰ ਲਾਹੌਰ ਦੇ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ ਅਤੇ 19 ਅਪ੍ਰੈਲ ਨੂੰ ਉਨ੍ਹਾਂ ਨੂੰ ਭਾਰਤ ਲਈ ਰਵਾਨਾ ਕੀਤਾ ਜਾਵੇਗਾ |
ਵਿਸਾਖੀ ਮੌਕੇ 10 ਅਪ੍ਰੈਲ ਨੂੰ ਪਾਕਿ ਰਵਾਨਾ ਹੋਵੇਗਾ ਜਥਾ 14 ਨੂੰ ਹੋਵੇਗਾ ਮੁੱਖ ਸਮਾਗਮ ਅਤੇ 19 ਨੂੰ ਵਾਪਸੀ <br/>
ਅਜੀਤ ਡੈਸਕ
16-02-2026