ਸੰਗਰੂਰ, 15 ਫਰਵਰੀ (ਅਮਨਦੀਪ ਸਿੰਘ ਬਿੱਟਾ)-ਪੁਰਾਣੇ ਸਕੇਲ, ਪੈਨਸ਼ਨ ਤੇ ਭੱਤੇ ਬਹਾਲੀ ਮੋਰਚਾ ਨੇ ਕਨਵੀਨਰ ਵਿਕਰਮ ਦੇਵ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਨਿਵਾਸ ਬਾਹਰ ਪ੍ਰਭਾਵਸ਼ਾਲੀ ਧਰਨਾ ਦਿੱਤਾ ਗਿਆ | ਉਪਰੋਕਤ ਪ੍ਰਦਰਸ਼ਨ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਤੜਕਸਾਰ ਤੋਂ ਹੀ ਪੱਬਾਂ ਭਾਰ ਨਜ਼ਰ ਆ ਰਿਹਾ ਸੀ ਅਤੇ ਐਸ. ਪੀ. (ਡੀ) ਦਵਿੰਦਰ ਅੱਤਰੀ, ਐਸ. ਪੀ. (ਐਚ) ਰਾਜੇਸ਼ ਛਿੱਬਰ, ਸਪੈਸ਼ਲ ਡਿਊਟੀ 'ਤੇ ਤਾਇਨਾਤ ਰਜਿੰਦਰ ਕੁਮਾਰ ਸ਼ਰਮਾ ਐਸ. ਪੀ. ਪਠਾਨਕੋਟ, ਡੀ. ਐਸ. ਪੀ. (ਆਰ) ਸੁਖਦੇਵ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਿਸ ਬਲ ਦੀ ਤਾਇਨਾਤੀ ਮੁੱਖ ਮੰਤਰੀ ਨਿਵਾਸ ਬਾਹਰ ਕੀਤੀ ਗਈ ਸੀ | ਵਿਕਰਮ ਦੇਵ ਸਿੰਘ ਦੀ ਅਗਵਾਈ ਹੇਠ ਡੈਮੋਕਰੇਟਿਕ ਟੀਚਰਜ਼ ਫ਼ਰੰਟ ਦੇ ਗੁਰਦੀਪ ਸਿੰਘ ਬਾਸੀ, ਪੰਜਾਬ ਰਾਜ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਅਤਿੰਦਰਪਾਲ ਸਿੰਘ ਘੱਗਾ, ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੇ ਦੀਪਕ ਕੰਬੋਜ, ਸੰਦੀਪ ਸਿੰਘ ਗਿੱਲ, ਸੁਰਿੰਦਰਪਾਲ ਸਿੰਘ, ਦੀਪਕ ਕੁਮਾਰ, ਬਲਿਹਾਰ ਬੱਲੀ ਵੀ ਵੱਡੀ ਗਿਣਤੀ ਵਿਚ ਆਪਣੇ ਸਾਥੀਆਂ, ਸਮਰਥਕਾਂ ਨਾਲ ਮੁੱਖ ਮੰਤਰੀ ਨਿਵਾਸ ਤੋਂ ਕੁਝ ਦੂਰੀ 'ਤੇ ਸਥਿਤ ਵੇਰਕਾ ਮਿਲਕ ਪਲਾਂਟ ਵਿਖੇ ਇਕੱਤਰ ਹੋਣੇ ਸ਼ੁਰੂ ਹੋ ਗਏ ਸਨ | ਵੇਰਕਾ ਮਿਲਕ ਪਲਾਂਟ ਦੇ ਬਾਹਰ ਮੁੱਖ ਸੜਕ ਸੰਗਰੂਰ-ਪਟਿਆਲਾ ਸੜਕ 'ਤੇ ਤਕਰੀਬਨ ਚਾਰ ਵਜੇ ਦੇ ਕਰੀਬ ਜਦ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਨਿਵਾਸ ਵੱਲ ਵਧਣਾ ਸ਼ੁਰੂ ਕੀਤਾ ਤਾਂ ਬੈਰੀਕੇਡ ਲਗਾਈ ਬੈਠੇ ਪੁਲਿਸ ਬਲ ਨੇ ਉਨ੍ਹਾਂ ਨੂੰ ਰੋਕ ਲਿਆ | ਐਸ. ਪੀ. ਰਾਜੇਸ਼ ਛਿੱਬਰ, ਦਵਿੰਦਰ ਅੱਤਰੀ ਤੇ ਡੀ. ਐਸ. ਪੀ. ਸੁਖਦੇਵ ਸਿੰਘ ਨੇ ਮੌਕੇ 'ਤੇ ਮੌਜੂਦ ਐਸ. ਡੀ. ਐਮ. ਸੰਗਰੂਰ ਚਰਨਜੋਤ ਸਿੰਘ ਵਾਲੀਆ ਨਾਲ ਉਨ੍ਹਾਂ ਦੇ ਆਗੂਆਂ ਦੀ ਮੀਟਿੰਗ ਕਰਵਾਉਂਦਿਆਂ ਪ੍ਰਦਰਸ਼ਨਕਾਰੀਆਂ ਨੂੰ ਸਾਂਤ ਕਰਨ ਦੀ ਕੋਸ਼ਿਸ਼ ਕੀਤੀ | ਇਸ ਮੌਕੇ ਆਗੂਆਂ ਨੇ ਆਪਣੇ ਸੰਬੋਧਨ 'ਚ 17 ਜੁਲਾਈ, 2025 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ 'ਤੇ ਲਾਗੂ ਨਵੇਂ ਪੇ ਸਕੇਲ ਰੱਦ ਕਰ ਕੇ ਪੰਜਾਬ ਪੇ ਸਕੇਲ ਬਹਾਲ ਕਰਨ ਦੀ ਮੰਗ ਕੀਤੀ ਗਈ | ਮੁਲਾਜ਼ਮ ਵਿਰੋਧੀ ਨਵੀਂ ਪੈਨਸ਼ਨ ਪ੍ਰਣਾਲੀ ਐਨ. ਪੀ. ਐਸ. ਰੱਦ ਕਰਕੇ ਪੁਰਾਣੀ ਪੈਨਸ਼ਨ ਪ੍ਰਣਾਲੀ ਓ. ਪੀ. ਐਸ. ਬਹਾਲ ਕਰਨ ਦੀ ਵੀ ਮੰਗ ਕੀਤੀ ਗਈ | ਆਗੂਆਂ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਦੇ ਕੱਟੇ 37 ਕਿਸਮ ਦੇ ਭੱਤੇ, ਜਿਨ੍ਹਾਂ ਵਿਚ ਪੇਂਡੂ ਇਲਾਕਾ ਭੱਤਾ, ਬਾਰਡਰ ਇਲਾਕਾ ਭੱਤਾ, ਡੀ.ਏ. ਬਹਾਲ ਕਰਨ ਸੰਬੰਧੀ ਚਰਚਾ ਕਰਦਿਆਂ ਕਿਹਾ ਕਿ 'ਆਪ' ਸਰਕਾਰ ਨੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕੋਈ ਹੱਲ ਨਹੀਂ ਕੀਤਾ | ਪ੍ਰਦਰਸ਼ਨਕਾਰੀਆਂ ਦੇ ਆਗੂ ਕਰਮਜੀਤ ਸਿੰਘ ਨਦਾਮਪੁਰ ਨੇ ਦੱਸਿਆ ਕਿ ਅੰਤ ਪਿ੍ੰਸੀਪਲ ਸਕੱਤਰ ਨਾਲ ਮੀਟਿੰਗ 5 ਮਾਰਚ ਦੀ ਤੈਅ ਹੋਣ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ |
ਵੱਖ-ਵੱਖ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਮੁੱਖ ਮੰਤਰੀ ਨਿਵਾਸ ਬਾਹਰ ਜ਼ੋਰਦਾਰ ਪ੍ਰਦਰਸ਼ਨ <br/>
ਅਜੀਤ ਡੈਸਕ
16-02-2026