ਪੰਜਾਬ 'ਚ ਜਿਥੇ ਵੀ ਮੰਤਰੀ, ਵਿਧਾਇਕ ਜਾਂ ਮੁੱਖ ਮੰਤਰੀ ਜਾਣਗੇ ਉਥੇ ਕਿਸਾਨ ਸ਼ਾਂਤੀਪੂਰਵਕ ਸਵਾਲ ਉਠਾਉਣਗੇ
ਚੰਡੀਗੜ੍ਹ, 15 ਫ਼ਰਵਰੀ (ਅਜਾਇਬ ਸਿੰਘ ਔਜਲਾ)ਕਿਸਾਨ ਭਵਨ ਚੰਡੀਗੜ੍ਹ ਵਿਖੇ ਕਿਸਾਨ ਮਜ਼ਦੂਰ ਮੋਰਚੇ ਦੀ ਇੱਕ ਅਹਿਮ ਇਕੱਤਰਤਾ ਸਤਨਾਮ ਸਿੰਘ ਸਾਹਨੀ (ਭਾਕਿਯੂ ਦੁਆਬਾ) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਭਾਰਤਅਮਰੀਕਾ ਵਪਾਰ ਸਮਝੌਤਾ, ਬਿਜਲੀ ਐਕਟ 2020, ਬੀਜ ਸੋਧ ਬਿਲ 2025, ਜੀ ਰਾਮ ਜੀ ਮਸਲਾ ਅਤੇ ਸ਼ੰਭੂਖਨੌਰੀ ਵਿਖੇ ਸੂਬਾ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਮੁੱਖ ਚਰਚਾ ਦੇ ਵਿਸ਼ੇ ਰਹੇ | ਇਸੇ ਦੌਰਾਨ ਇਕੱਤਰਤਾ ਵਿਚ ਮੋਰਚੇ ਦੇ ਮੁੱਖ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਲੋਕਾਂ ਨੂੰ ਭਾਰਤਅਮਰੀਕਾ ਸਮਝੌਤੇ ਬਾਰੇ ਗੁੰਮਰਾਹ ਕਰ ਰਹੀਆਂ ਹਨ, ਜਦਕਿ ਇਸ ਦੇ ਅਸਲ ਪ੍ਰਭਾਵ ਕਿਸਾਨਾਂ ਅਤੇ ਆਮ ਵਰਗ ਲਈ ਗੰਭੀਰ ਨੁਕਸਾਨਦਾਇਕ ਹੋ ਸਕਦੇ ਹਨ | ਪ੍ਰੀਪੇਡ ਮੀਟਰ ਨੀਤੀ ਬਾਰੇ ਗੱਲ ਕਰਦਿਆਂ ਜਸਵਿੰਦਰ ਸਿੰਘ ਲੌਂਗੋਵਾਲ ਨੇ ਇਸ ਨੂੰ ਛੋਟੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਵਪਾਰੀਆਂ ਲਈ ਤਬਾਹਕੁਨ ਕਰਾਰ ਦਿੱਤਾ | ਇਸੇ ਤਰ੍ਹਾਂ ਮਨਜੀਤ ਸਿੰਘ ਰਾਏ ਨੇ ਬੀਜ ਸੋਧ ਬਿਲ ਨੂੰ ਦੇਸੀ ਬੀਜ ਪ੍ਰਣਾਲੀ 'ਤੇ ਕਾਰਪੋਰੇਟ ਹਮਲਾ ਦੱਸਿਆ | ਇਕੱਤਰਤਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਣ ਸਿੰਘ ਪੰਧੇਰ ਅਤੇ ਸਾਥੀਆਂ ਨੇ ਕਿਹਾ ਕਿ ਪੰਜਾਬ 'ਚ ਜਿਥੇ ਵੀ ਮੰਤਰੀ, ਵਿਧਾਇਕ ਜਾਂ ਮੁੱਖ ਮੰਤਰੀ ਜਾਣਗੇ, ਉਥੇ ਕਿਸਾਨ ਸ਼ਾਂਤੀਪੁਰਵਕ ਸਵਾਲ ਉਠਾਉਣਗੇ | ਉਨ੍ਹਾਂ ਇਹ ਵੀ ਦੱਸਿਆ ਕਿ 1 ਮਾਰਚ, 2026 ਨੂੰ ਰਾਜ ਪੱਧਰੀ ਇਕੱਤਰਤਾ ਬੁਲਾਈ ਗਈ ਹੈ, ਜਿਸ ਵਿਚ ਅੰਦੋਲਨ ਦੇ ਪ੍ਰੋਗਰਾਮ ਦਾ ਅੰਤਿਮ ਰੋਡਮੈਪ ਐਲਾਨਿਆ ਜਾਵੇਗਾ | ਖਨੌਰੀ ਅਤੇ ਸ਼ੰਭੂ ਮੋਰਚੇ ਵਿਖੇ ਪੁਲਿਸ ਵਲੋਂ ਕੀਤੀ ਕਾਰਵਾਈ ਨਾਲ ਜੁੜੀ ਪੰਜਾਬ ਸਰਕਾਰ ਵਿਰੁੱਧ ਤੀਜੇ ਹਫ਼ਤੇ ਮਾਰਚ ਵਿਚ ਵੱਡੇ ਪੱਧਰ 'ਤੇ ਆੰਦੋਲਨ ਦਾ ਐਲਾਨ ਕੀਤਾ ਜਾਵੇਗਾ | ਕਿਸਾਨ-ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਵਿਸ਼ਵ ਪੱਧਰੀ, ਰਾਸ਼ਟਰੀ ਅਤੇ ਖਾਸ ਕਰਕੇ ਪੰਜਾਬ ਵਿਚ ਚਰਚਾ ਵਿਚ ਮੁੱਖ ਮੁੱਦਾ ਭਾਰਤ-ਅਮਰੀਕਾ ਵਪਾਰ ਸਮਝੌਤਾ ਹੈ, ਜਿਸ ਨੂੰ ਉਨ੍ਹਾਂ ਖੇਤੀਬਾੜੀ ਖੇਤਰ ਲਈ 'ਮੌਤ ਦਾ ਸਮਝੌਤਾ' ਕਹਿ ਕੇ ਬਿਆਨਿਆਂ | ਮੋਰਚੇ ਦੇ ਆਗੂਆਂ ਵਲੋਂ ਸ਼ਹੀਦ ਸ਼ੁਭ ਕਰਨ ਦੀ ਬਰਸੀ ਦੇਸ਼ ਪੱਧਰ 'ਤੇ 21 ਫਰਵਰੀ ਨੂੰ ਮਨਾਉਣ ਦਾ ਐਲਾਨ ਕੀਤਾ | ਇਸ ਮੌਕੇ ਗੁਰਅਮਨੀਤ ਸਿੰਘ ਮਾਂਗਟ, ਜੰਗ ਸਿੰਘ ਪਟੇੜੀ, ਗੁਰਧਿਆਨ ਸਿੰਘ ਸੇਓਣਾ, ਬਲਦੇਵ ਸਿੰਘ ਜੀਰਾ, ਮਨਜੀਤ ਸਿੰਘ ਰਾਏ, ਦਿਲਬਾਗ਼ ਸਿੰਘ ਗਿੱਲ, ਜਸਵਿੰਦਰ ਸਿੰਘ ਲੌਂਗੋਵਾਲ, ਹਰਵਿੰਦਰ ਸਿੰਘ ਮਸਾਣੀਆਂ, ਬਲਕਾਰ ਸਿੰਘ ਬੈਂਸ, ਚਰਨਜੀਤ ਸਿੰਘ ਚੰਨੀ, ਬਲਕਾਰ ਸਿੰਘ ਤੇ ਗੁਰਵਿੰਦਰ ਸਿੰਘ ਸਮੇਤ ਕਈ ਆਗੂ ਹਾਜ਼ਰ ਸਨ |
ਅਮਰੀਕਾ-ਭਾਰਤ ਵਪਾਰ ਸਮਝੌਤੇ 'ਤੇ ਕੇਂਦਰ ਤੇ ਸੂਬਾ ਸਰਕਾਰ ਕਰ ਰਹੀ ਹੈ ਗੁੰਮਰਾਹ-ਸਰਵਣ ਸਿੰਘ ਪੰਧੇਰ
ਅਜੀਤ ਡੈਸਕ
16-02-2026