22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਲਾਹੌਰ ਦੇ ਸਰਹੱਦੀ ਪਿੰਡ ਜਾਹਮਣ ਵਿਚਲੇ ਗੁਰਦੁਆਰਾ ਰੋੜੀ ਸਾਹਿਬ ਦੇ ਬਚੇ ਹਿੱਸੇ ਦੇ ਢਹਿ ਜਾਣ ਦਾ ਬਣਿਆ ਖ਼ਤਰਾ

ਅਜੀਤ ਡੈਸਕ 16-02-2026

ਗੁਰਦੁਆਰਾ ਸਾਹਿਬ ਦੀ ਸੰਭਾਲ ਦੁਨੀਆ ਭਰ ਦੇ ਸਿੱਖਾਂ ਦੀ ਸਾਂਝੀ ਜ਼ਿੰਮੇਵਾਰੀ-ਨੌਸ਼ਾਬਾ ਸ਼ਹਿਜ਼ਾਦ
ਅੰਮਿ੍ਤਸਰ, 15 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਥਾਣਾ ਬਰਕੀ ਦੇ ਅਧੀਨ ਆਉਂਦੇ ਸਰਹੱਦੀ ਪਿੰਡ ਜਾਹਮਣ ਵਿਚਲਾ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਰੋੜੀ ਸਾਹਿਬ ਦੇ ਗੁੰਬਦ ਸਮੇਤ ਇਮਾਰਤ ਦਾ ਵੱਡਾ ਹਿੱਸਾ ਸਾਲ 2023 'ਚ ਪਏ ਮੀਂਹਾਂ ਦੌਰਾਨ ਢਹਿ ਗਿਆ ਸੀ | ਇਸ ਦੇ ਬਾਵਜੂਦ ਇਸ ਖੰਡਰ 'ਚ ਤਬਦੀਲ ਹੋ ਰਹੀ ਮੁਕੱਦਸ ਯਾਦਗਾਰ ਦੀ ਪਾਕਿ ਸਰਕਾਰ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਸਮੇਤ ਕਿਸੇ ਵੀ ਸਿੱਖ ਜਥੇਬੰਦੀ ਜਾਂ ਅਦਾਰੇ ਨੇ ਸਾਰ ਨਹੀਂ ਲਈ, ਜਿਸ ਕਰਕੇ ਇਸ ਦੇ ਬਚੇ ਰਹਿ ਗਏ ਹਿੱਸੇ ਦੇ ਵੀ ਢਹਿ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ | ਜ਼ਿਯਾਨਾ ਟਰੈਵਲਜ਼ ਦੀ ਸੀ. ਈ. ਓ. ਅਤੇ ਸੰਸਥਾਪਕ ਨੌਸ਼ਾਬਾ ਸ਼ਹਿਜ਼ਾਦ ਨੇ ਅੱਜ ਗੁਰਦੁਆਰਾ ਸਾਹਿਬ ਦੀ ਢਹਿ ਚੁੱਕੀ ਇਮਾਰਤ ਅਤੇ ਸੇਵਾ ਸੰਭਾਲ ਦੀ ਘਾਟ ਕਾਰਨ ਛੱਪੜ 'ਚ ਤਬਦੀਲ ਹੋ ਚੁੱਕੇ ਪਵਿੱਤਰ ਸਰੋਵਰ ਦੀਆਂ ਤਸਵੀਰਾਂ ਜਾਰੀ ਕਰਦਿਆਂ ਕਿਹਾ ਕਿ ਸਰਹੱਦੀ ਜ਼ੀਰੋ ਲਾਈਨ ਤੋਂ ਸਿਰਫ਼ 1 ਕਿਲੋਮੀਟਰ ਦੂਰ ਲਾਹੌਰ ਦੀ ਬੇਦੀਆਂ ਰੋਡ ਦੇ ਆਖੀਰ 'ਚ ਆਬਾਦ ਪਿੰਡ ਜਾਹਮਣ ਵਿਚਲੇ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਖ਼ੂਬਸੂਰਤ ਸਰੋਵਰ ਹੁਣ ਮੀਂਹ ਦੇ ਪਾਣੀ ਨਾਲ ਭਰ ਗਿਆ ਹੈ | ਗੁਰਦੁਆਰਾ ਸਾਹਿਬ ਦੀ ਤਾਰੀਖ਼ੀ ਇਮਾਰਤ ਦੀ ਹਾਲਤ ਹੀ ਬਹੁਤ ਮਾੜੀ ਹੈ | ਇਸ ਦੀ ਕੋਈ ਸਾਂਭ-ਸੰਭਾਲ ਨਹੀਂ ਰੱਖੀ ਜਾ ਰਹੀ | ਨੌਸ਼ਾਬਾ ਨੇ ਅੱਗੇ ਕਿਹਾ ਕਿ ਅਜਿਹੀ ਵਿਰਾਸਤੀ ਤੇ ਮੁਕੱਦਸ ਅਸਥਾਨਾਂ ਦੀ ਸੇਵਾ ਸੰਭਾਲ ਸਿਰਫ਼ ਪਾਕਿਸਤਾਨ ਦੀ ਜ਼ਿੰਮੇਵਾਰੀ ਨਹੀਂ ਹੈ, ਬਲਕਿ ਇਹ ਦੁਨੀਆਂ ਭਰ ਦੇ ਸਿੱਖਾਂ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਉਹ ਗੁਰਦੁਆਰਾ ਰੋੜੀ ਸਾਹਿਬ ਸਮੇਤ ਪਾਕਿ 'ਚ ਹੋਰ ਢਹਿ ਰਹੇ ਜਾਂ ਢਹਿ ਚੁੱਕੇ ਗੁਰਦੁਆਰਿਆਂ ਦੀ ਮੁੜ ਉਸਾਰੀ ਅਤੇ ਸੇਵਾ ਸੰਭਾਲ ਲਈ ਅੱਗੇ ਆਉਣ | ਦੱਸਣਯੋਗ ਹੈ ਕਿ ਭਾਰਤੀ ਪਿੰਡ ਖਾਲੜਾ ਦੀ ਸਰਹੱਦ ਤੋਂ ਇਕ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਗੁਰਦੁਆਰਾ ਰੋੜੀ ਸਾਹਿਬ ਦੇ ਸਥਾਨ 'ਤੇ ਗੁਰੂ ਨਾਨਕ ਦੇਵ ਜੀ ਨੇ ਤਿੰਨ ਵਾਰ ਚਰਨ ਪਾਏ | ਗੁਰਦੁਆਰਾ ਸਾਹਿਬ ਦਾ 50 ਏਕੜ ਰਕਬਾ ਸੀ ਅਤੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ 'ਚ ਹਿੰਦੂ, ਸਿੱਖ ਅਤੇ ਮੁਸਲਿਮ ਸ਼ਰਧਾਲੂ ਦੂਰ-ਦੂਰ ਤੋਂ ਇਸ਼ਨਾਨ ਕਰਨ ਆਉਂਦੇ ਸਨ | ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਅਸਥਾਨ ਦੀ ਸੇਵਾ ਭਾਈ ਵਧਾਵਾ ਸਿੰਘ ਕਰਦੇ ਰਹੇ ਅਤੇ ਇਥੇ ਵਿਸਾਖੀ ਅਤੇ 20 ਜੇਠ ਨੂੰ ਵੱਡਾ ਮੇਲਾ ਲੱਗਦਾ ਸੀ |

ਪਿਛਲੀ ਖ਼ਬਰ ਅਮਿਤ ਸ਼ਾਹ ਦੀ ਮੋਗਾ ਰੈਲੀ ਲਈ ਤਿਆਰੀਆਂ ਸ਼ੁਰੂ ਅਗਲੀ ਖ਼ਬਰ ਅਮਰੀਕਾ-ਭਾਰਤ ਵਪਾਰ ਸਮਝੌਤੇ 'ਤੇ ਕੇਂਦਰ ਤੇ ਸੂਬਾ ਸਰਕਾਰ ਕਰ ਰਹੀ ਹੈ ਗੁੰਮਰਾਹ-ਸਰਵਣ ਸਿੰਘ ਪੰਧੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।