ਫ਼ਤਹਿਜੰਗ ਸਿੰਘ ਬਾਜਵਾ ਨੂੰ ਕਾਦੀਆਂ, ਪਿ੍ਤਪਾਲ ਸਿੰਘ ਬਲੀਏਵਾਲ ਨੂੰ ਹਲਕਾ ਸਾਹਨੇਵਾਲ ਸਮੇਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਲਗਾਏ
ਚੰਡੀਗੜ੍ਹ, 15 ਫ਼ਰਵਰੀ (ਸੰਦੀਪ ਕੁਮਾਰ ਮਾਹਨਾ)ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਮੋਗਾ ਵਿਚ ਮਾਰਚ ਦੇ ਪਹਿਲੇ ਹਫ਼ਤੇ ਹੋਣ ਜਾ ਰਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਸੰਗਠਨਾਤਮਕ ਪੱਧਰ 'ਤੇ ਵੱਡੇ ਫ਼ੈਸਲੇ ਕੀਤੇ ਗਏ ਹਨ | ਪਾਰਟੀ ਨੇ ਸੂਬੇ ਦੀ ਹਰ ਵਿਧਾਨ ਸਭਾ 'ਚ 'ਪ੍ਰਦੇਸ਼ ਰੈਲੀ ਵਿਧਾਨ ਸਭਾ ਪ੍ਰਭਾਰੀ' ਨਿਯੁਕਤ ਕਰਕੇ ਰੈਲੀ ਦੀ ਤਿਆਰੀਆਂ ਨੂੰ ਮਜ਼ਬੂਤੀ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ | ਪਾਰਟੀ ਸੂਤਰਾਂ ਮੁਤਾਬਕ ਇਹ ਨਿਯੁਕਤੀਆਂ ਰੈਲੀ 'ਚ ਵੱਡੇ ਪੱਧਰ 'ਤੇ ਭੀੜ ਇਕੱਠੀ ਕਰਨ ਅਤੇ ਬੂਥ ਪੱਧਰ ਤੱਕ ਵਰਕਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਕੀਤੀਆਂ ਗਈਆਂ ਹਨ | ਨਿਯੁਕਤ ਪ੍ਰਭਾਰੀਆਂ ਨੂੰ ਆਪਣੇ ਹਲਕਿਆਂ 'ਚ ਤੁਰੰਤ ਮੀਟਿੰਗਾਂ ਕਰਕੇ ਮੰਡਲ ਅਤੇ ਬੂਥ ਇਕਾਈਆਂ ਨੂੰ ਸਰਗਰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਇਸ ਤੋਂ ਇਲਾਵਾ ਰੈਲੀ ਲਈ ਆਵਾਜਾਈ, ਪ੍ਰਚਾਰ-ਪ੍ਰਸਾਰ ਅਤੇ ਸਵਾਗਤ ਸਮਾਰੋਹਾਂ ਦੀ ਵਿਵਸਥਾ ਸੰਬੰਧੀ ਜ਼ਿੰਮੇਵਾਰੀਆਂ ਵੀ ਵੰਡ ਦਿੱਤੀਆਂ ਗਈਆਂ ਹਨ | ਮੋਗਾ ਰੈਲੀ ਸਿਆਸੀ ਤੌਰ 'ਤੇ ਵੀ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਇਸ ਦੌਰਾਨ ਕੇਂਦਰ ਸਰਕਾਰ ਦੀਆਂ ਉਪਲਬਧੀਆਂ, ਸੁਰੱਖਿਆ ਨੀਤੀਆਂ ਅਤੇ ਵਿਕਾਸ ਯੋਜਨਾਵਾਂ ਨੂੰ ਲੋਕਾਂ ਸਾਹਮਣੇ ਰੱਖਿਆ ਜਾਵੇਗਾ | ਰੈਲੀ ਨੂੰ ਇਤਿਹਾਸਕ ਬਣਾਉਣ ਲਈ ਹਰੇਕ ਜ਼ਿਲ੍ਹਾ ਅਤੇ ਮੰਡਲ ਪੱਧਰ 'ਤੇ ਵੱਖ-ਵੱਖ ਕਮੇਟੀਆਂ ਵੀ ਬਣਾਈਆਂ ਜਾ ਰਹੀਆਂ ਹਨ | ਸੰਗਠਨ ਨੇਤਾਵਾਂ ਦਾ ਦਾਅਵਾ ਹੈ ਕਿ ਇਸ ਰੈਲੀ ਰਾਹੀਂ ਸੂਬੇ 'ਚ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਵੇਗਾ ਅਤੇ ਆਉਣ ਵਾਲੀਆਂ ਚੋਣਾਂ ਲਈ ਜ਼ਮੀਨੀ ਪੱਧਰ 'ਤੇ ਮਜ਼ਬੂਤ ਮਾਹੌਲ ਤਿਆਰ ਕੀਤਾ ਜਾਵੇਗਾ | ਮੋਗਾ 'ਚ ਮਾਰਚ ਦੇ ਪਹਿਲੇ ਹਫ਼ਤੇ ਹੋਣ ਵਾਲੀ ਇਹ ਵਿਸ਼ਾਲ ਰੈਲੀ ਸੂਬੇ ਦੀ ਸਿਆਸਤ 'ਚ ਨਵੀਂ ਚਰਚਾ ਛੇੜ ਸਕਦੀ ਹੈ | ਪਾਰਟੀ ਵਲੋਂ ਜਾਰੀ ਸੂਚੀ 'ਚ ਸੂਬੇ ਦੇ ਮੀਤ ਪ੍ਰਧਾਨ ਫ਼ਤਹਿਜੰਗ ਸਿੰਘ ਬਾਜਵਾ ਨੂੰ ਕਾਦੀਆਂ, ਸੂਬਾ ਬੁਲਾਰੇ ਪਿ੍ਤਪਾਲ ਸਿੰਘ ਬਲੀਏਵਾਲ ਨੂੰ ਹਲਕਾ ਸਾਹਨੇਵਾਲ, ਅਸ਼ਵਨੀ ਸੇਖੜੀ ਨੂੰ ਬਟਾਲਾ, ਰਵੀਕਰਨ ਸਿੰਘ ਕਾਹਲੋਂ ਨੂੰ ਫ਼ਤਿਹਗੜ੍ਹ ਚੂੜੀਆਂ, ਅਮਰਪਾਲ ਸਿੰਘ ਬੋਨੀ ਨੂੰ ਅਜਨਾਲਾ, ਗੁਰਪ੍ਰਤਾਪ ਸਿੰਘ ਟਿੱਕਾ ਨੂੰ ਅੰਮਿ੍ਤਸਰ ਪੱਛਮੀ, ਮਨਜੀਤ ਸਿੰਘ ਮੰਨਾ ਨੂੰ ਬਾਬਾ ਬਕਾਲਾ, ਅਵਿਨਾਸ਼ ਚੰਦਰ ਨੂੰ ਫਿਲੌਰ ਅਤੇ ਸੁਸ਼ੀਲ ਰਿੰਕੂ ਨੂੰ ਨਕੋਦਰ ਦਾ ਇੰਚਾਰਜ, ਜਦੋਂਕਿ ਕਈ ਹੋਰ ਸੀਨੀਅਰ ਆਗੂਆਂ ਨੂੰ ਵੱਖ-ਵੱਖ ਹਲਕਿਆਂ ਦਾ ਇੰਚਾਰਜ਼ ਨਿਯੁਕਤ ਕੀਤਾ ਗਿਆ ਹੈ |
ਅਮਿਤ ਸ਼ਾਹ ਦੀ ਮੋਗਾ ਰੈਲੀ ਲਈ ਤਿਆਰੀਆਂ ਸ਼ੁਰੂ
ਅਜੀਤ ਡੈਸਕ
16-02-2026