ਅੰਮਿ੍ਤਸਰ, 15 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਚਾਰਸੱਦਾ ਸ਼ਹਿਰ 'ਚ ਬਾਚਾ ਖ਼ਾਨ ਯੂਨੀਵਰਸਿਟੀ ਦੀ ਅਨੁਸ਼ਾਸਨੀ ਕਮੇਟੀ ਨੇ ਭਾਰਤੀ ਕੌਮੀ ਗੀਤ 'ਜਨ ਗਣ ਮਨ...' ਗਾਉਣ ਦੇ ਦੋਸ਼ 'ਚ 4 ਵਿਦਿਆਰਥੀਆਂ ਨੂੰ ਯੂਨੀਵਰਸਿਟੀ ਤੋਂ ਕੱਢ ਦਿੱਤਾ | ਜਾਣਕਾਰੀ ਅਨੁਸਾਰ ਯੂਨੀਵਰਸਿਟੀ 'ਚ ਯੁਵਕ ਮੇਲੇ/ਐਕਸਪੋ ਦੇ ਆਯੋਜਨ ਦੌਰਾਨ ਫਾਰਮੇਸੀ ਦਾ ਕੋਰਸ ਕਰ ਰਹੇ ਵਿਦਿਆਰਥੀ ਜਿਬਰਾਨ ਰਿਆਜ਼ ਨੇ ਸਨਮਾਨ ਵਜੋਂ ਛਾਤੀ 'ਤੇ ਹੱਥ ਰੱਖ ਕੇ ਭਾਰਤ ਦਾ ਰਾਸ਼ਟਰੀ ਗੀਤ ਗਾਇਆ | ਇਸ ਦੌਰਾਨ ਉਸ ਦੇ ਕੁਝ ਸਾਥੀ ਵਿਦਿਆਰਥੀਆਂ ਨੇ ਭਾਰਤ ਮਾਤਾ ਪੱਖੀ ਜੈਕਾਰੇ ਵੀ ਲਗਾਏ | ਬਾਅਦ 'ਚ ਵਿਦਿਆਰਥੀਆਂ ਵਲੋਂ ਇਸ ਕਾਰਵਾਈ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅੱਪਲੋਡ ਵੀ ਕੀਤੀ ਗਈ | ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਨੇ ਯੂਨੀਵਰਸਿਟੀ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਬੁਲਾਈ, ਜਿਥੇ ਕਮੇਟੀ ਵਲੋਂ ਘਟਨਾ 'ਚ ਸ਼ਾਮਿਲ ਫਾਰਮੇਸੀ ਵਿਭਾਗ ਦੇ ਜਿਬਰਾਨ ਰਿਆਜ਼ ਸਮੇਤ 4 ਵਿਦਿਆਰਥੀਆਂ ਨੂੰ ਤੁਰੰਤ ਯੂਨੀਵਰਸਿਟੀ ਤੋਂ ਕੱਢਣ ਦਾ ਫ਼ੈਸਲਾ ਕੀਤਾ | ਇਸ ਸੰਬੰਧ 'ਚ ਬਾਚਾ ਖਾਨ ਯੂਨੀਵਰਸਿਟੀ ਵਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਉਕਤ 4 ਵਿਦਿਆਰਥੀਆਂ ਦੀਆਂ ਹੋਸਟਲ ਸੀਟਾਂ ਵੀ ਤੁਰੰਤ ਰੱਦ ਕਰ ਦਿੱਤੀਆਂ ਗਈਆਂ ਹਨ |
ਪਾਕਿ 'ਚ ਭਾਰਤੀ ਕੌਮੀ ਗੀਤ 'ਜਨ ਗਣ ਮਨ...' ਗਾਉਣ 'ਤੇ 4 ਵਿਦਿਆਰਥੀ ਬਰਖ਼ਾਸਤ
ਅਜੀਤ ਡੈਸਕ
16-02-2026