ਸੁਲਤਾਨਪੁਰ ਲੋਧੀ, 15 ਫਰਵਰੀ (ਨਰੇਸ਼ ਹੈਪੀ)-ਬਜਟ ਇਜਲਾਸ ਦੇ ਪਹਿਲੇ ਸੈਸ਼ਨ ਦੇ ਆਖ਼ਰੀ ਦਿਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਨੁੱਖੀ ਤਸਕਰੀ ਅਤੇ ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਦਾ ਗੰਭੀਰ ਮਸਲਾ ਉਠਾਇਆ | ਉਨ੍ਹਾਂ ਸਦਨ ਦਾ ਧਿਆਨ ਖਿੱਚਦਿਆਂ ਕਿਹਾ ਕਿ ਇਕ ਪਾਸੇ ਅਰਬ ਦੇਸ਼ਾਂ, ਖ਼ਾਸ ਕਰ ਕੇ ਖਾੜੀ ਦੇਸ਼ਾਂ ਵਿਚ ਭਾਰਤੀ ਧੀਆਂ ਅਤੇ ਭੈਣਾਂ ਦਾ ਸ਼ੋਸ਼ਣ ਹੋ ਰਿਹਾ ਹੈ, ਜਦਕਿ ਦੂਜੇ ਪਾਸੇ ਰੂਸ-ਯੂਕਰੇਨ ਦੀ ਜੰਗ ਦੇ ਮੈਦਾਨ ਵਿਚ ਗ਼ਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਮੌਤ ਦੇ ਮੂੰਹ ਵੱਲ ਧੱਕਿਆ ਜਾ ਰਿਹਾ ਹੈ | ਸੰਤ ਸੀਚੇਵਾਲ ਨੇ ਸਿਫ਼ਰ ਕਾਲ ਦੌਰਾਨ ਉਠਾਏ ਇਸ ਮੁੱਦੇ ਦੌਰਾਨ ਕਿਹਾ ਕਿ ਟਰੈਵਲ ਏਜੰਟਾਂ ਦੇ ਗਰੋਹ ਗ਼ਰੀਬੀ, ਬੇਰੁਜ਼ਗਾਰੀ ਅਤੇ ਮਜਬੂਰੀ ਦਾ ਫ਼ਾਇਦਾ ਚੁੱਕਦੇ ਹੋਏ ਅਣਵਿਆਹੀਆਂ ਲੜਕੀਆਂ ਤੇ ਗ਼ਰੀਬ ਔਰਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜਿਨ੍ਹਾਂ ਨੂੰ ਮੋਟੀਆਂ ਤਨਖ਼ਾਹਾਂ ਤੇ ਸੁਖਾਲੀ ਨੌਕਰੀਆਂ ਦੇ ਝੂਠੇ ਸੁਪਨੇ ਦਿਖਾ ਕੇ ਵਿਦੇਸ਼ ਭੇਜਿਆ ਜਾ ਰਿਹਾ ਹੈ | ਉਨ੍ਹਾਂ ਉਥੇ ਫਸੀਆਂ ਧੀਆਂ ਦਾ ਦਰਦ ਸਦਨ ਵਿਚ ਬਿਆਨ ਕਰਦਿਆਂ ਕਿਹਾ ਕਿ ਉਥੇ ਪੁੱਜਣ 'ਤੇ ਪੀੜਤ ਲੜਕੀਆਂ ਦੇ ਪਾਸਪੋਰਟ ਖੋਹ ਲਏ ਜਾਂਦੇ ਹਨ, ਅਣਜਾਣ ਭਾਸ਼ਾ ਵਿਚ ਇਕਰਾਰਨਾਮਿਆਂ 'ਤੇ ਜਬਰਨ ਦਸਤਖ਼ਤ ਕਰਵਾਏ ਜਾਂਦੇ ਹਨ ਅਤੇ ਫਿਰ ਉਨ੍ਹਾਂ ਨਾਲ ਸਰੀਰਕ ਤੇ ਮਾਨਸਿਕ ਸ਼ੋਸ਼ਣ ਦਾ ਦੌਰ ਸ਼ੁਰੂ ਹੋ ਜਾਂਦਾ ਹੈ | ਉਨ੍ਹਾਂ ਨੂੰ ਤਨਖ਼ਾਹ ਤੋਂ ਵਾਂਝਾ ਕੀਤਾ ਜਾਂਦਾ ਹੈ ਅਤੇ ਪਰਿਵਾਰ ਨਾਲ ਸੰਪਰਕ ਤੋੜ ਦਿੱਤਾ ਜਾਂਦਾ ਹੈ | ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਅਤੇ ਓਮਾਨ ਵਿਚ ਭਾਰਤੀ ਦੂਤਾਵਾਸ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਨਾਲ 135 ਭਾਰਤੀ ਲੜਕੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ | ਉਨ੍ਹਾਂ ਸਦਨ ਵਿਚ ਸਵਾਲ ਉਠਾਇਆ ਕਿ ਮਨੁੱਖੀ ਤਸਕਰੀ ਦਾ ਇਹ ਸਿਲਸਿਲਾ ਆਿਖ਼ਰ ਰੁਕੇਗਾ ਕਦੋਂ | ਉਨ੍ਹਾਂ ਮੰਗ ਕੀਤੀ ਕਿ ਅੰਤਰਰਾਸ਼ਟਰੀ ਏਅਰਪੋਰਟਾਂ 'ਤੇ ਜਾਂਚ ਪ੍ਰਣਾਲੀ ਵਿਚ ਸਖ਼ਤੀ ਕੀਤੀ ਜਾਵੇ ਤਾਂ ਜੋ ਅਜਿਹੇ ਕਾਰਨਾਮਿਆਂ ਤੇ ਨੱਥ ਪਾਈ ਜਾ ਸਕੇ |
ਸੰਤ ਸੀਚੇਵਾਲ ਨੇ ਮਨੁੱਖੀ ਤਸਕਰੀ ਤੇ ਵਿਦੇਸ਼ਾਂ 'ਚ ਫਸੇ ਭਾਰਤੀਆਂ ਦਾ ਮਸਲਾ ਰਾਜ ਸਭਾ 'ਚ ਉਠਾਇਆ <br/>
ਅਜੀਤ ਡੈਸਕ
16-02-2026