22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਪਾਕਿਸਤਾਨ ਦੇ ਸ੍ਰੀ ਕਟਾਸਰਾਜ ਤੀਰਥ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਮਹਾਂ ਸ਼ਿਵਰਾਤਰੀ

ਅਜੀਤ ਡੈਸਕ 16-02-2026

ਸ਼ਿਵਰਾਤਰੀ ਮੌਕੇ ਪਾਕਿ ਨਹੀਂ ਪਹੁੰਚਿਆ ਭਾਰਤੀ ਹਿੰਦੂ ਜਥਾ
ਅੰਮਿ੍ਤਸਰ, 15 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਚੱਕਵਾਲ ਸਥਿਤ ਹਿੰਦੂ ਤੀਰਥ ਸ੍ਰੀ ਕਟਾਸਰਾਜ ਵਿਖੇਮਹਾਂ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਘੱਟ ਗਿਣਤੀ ਮਾਮਲਿਆਂ ਦੇ ਰਾਜ ਮੰਤਰੀ ਖੇਲ ਦਾਸ ਕੋਹਿਸਤਾਨੀ, ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਕਮਰ-ਉਜ਼-ਜ਼ਮਾਨ, ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ ਵੀ ਮੌਜੂਦ ਸਨ | ਸ਼ਿਵਰਾਤਰੀ ਮੌਕੇ ਸ੍ਰੀ ਕਟਾਸਰਾਜ ਵਿਖੇ ਈ. ਟੀ. ਪੀ. ਬੀ. ਵਲੋਂ ਧਾਰਮਿਕ ਸਮਾਗਮ ਵੀ ਕਰਵਾਇਆ ਗਿਆ, ਜਿਸ 'ਚ ਲਾਹੌਰ, ਸਿਆਲਕੋਟ, ਚੱਕਵਾਲ, ਅਟਕ ਅਤੇ ਹੋਰ ਸ਼ਹਿਰਾਂ 'ਚ ਰਹਿੰਦੇ ਪਾਕਿਸਤਾਨੀ ਹਿੰਦੂਆਂ ਨੇ ਸ਼ਮੂਲੀਅਤ ਕੀਤੀ | ਇਸ ਦੌਰਾਨ ਸ਼ਰਧਾਲੂਆਂ ਨੇ ਪਵਿੱਤਰ ਸਰੋਵਰ 'ਚ ਡੁਬਕੀ ਵੀ ਲਗਾਈ | ਹਾਲਾਂਕਿ, ਇਸ ਵਾਰ ਸ਼ਿਵਰਾਤਰੀ ਮੌਕੇ ਭਾਰਤ ਤੋਂ ਹਿੰਦੂ ਸ਼ਰਧਾਲੂਆਂ ਦਾ ਜਥਾ ਪਾਕਿ ਨਹੀਂ ਪਹੁੰਚ ਸਕਿਆ, ਜਿਸ ਨੂੰ ਲੈ ਕੇ ਉਕਤ ਆਗੂਆਂ ਵਲੋਂ ਨਾਰਾਜ਼ਗੀ ਜ਼ਾਹਿਰ ਕੀਤੀ ਗਈ | ਸ੍ਰੀ ਕਟਾਸਰਾਜ ਤੀਰਥ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜ ਮੰਤਰੀ ਖੇਲ ਦਾਸ ਕੋਹਿਸਤਾਨੀ ਅਤੇ ਚੇਅਰਮੈਨ ਕਮਰ-ਉਜ਼-ਜ਼ਮਾਨ ਨੇ ਕਿਹਾ ਕਿ ਪਾਕਿ ਸਰਕਾਰ ਦਾ ਘੱਟ ਗਿਣਤੀ ਭਾਈਚਾਰੇ ਨਾਲ ਵਿਸ਼ੇਸ਼ ਪਿਆਰ ਹੈ, ਇਹੀ ਕਾਰਨ ਹੈ ਕਿ ਹਿੰਦੂ ਅਤੇ ਸਿੱਖਾਂ ਦੇ ਧਾਰਮਿਕ ਅਸਥਾਨਾਂ ਨੂੰ ਸੁੰਦਰ ਬਣਾਉਣ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ | ਵਧੀਕ ਸਕੱਤਰ ਨਾਸਿਰ ਮੁਸ਼ਤਾਕ ਨੇ ਕਿਹਾ ਕਿ ਪਾਕਿ 'ਚ ਰਹਿੰਦੇ ਹਿੰਦੂ ਭਾਈਚਾਰੇ ਨੇ ਸ਼ਿਵਰਾਤਰੀ ਦੇ ਜਸ਼ਨਾਂ 'ਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਜੇਕਰ ਭਾਰਤੀ ਸ਼ਰਧਾਲੂ ਪਾਕਿ ਆਏ ਹੁੰਦੇ ਤਾਂ ਸਾਨੂੰ ਵਧੇਰੇ ਖ਼ੁਸ਼ੀ ਹੁੰਦੀ | ਇਸ ਮੌਕੇ ਹਾਜ਼ਰ ਪਾਕਿਸਤਾਨ ਹਿੰਦੂ ਮੰਦਰ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਕਿ੍ਸ਼ਨ ਸ਼ਰਮਾ ਨੇ ਕਿਹਾ ਕਿ ਮਹਾਂ ਸ਼ਿਵਰਾਤਰੀ ਦੇ ਜਸ਼ਨਾਂ ਦਾ ਆਯੋਜਨ ਪਾਕਿ 'ਚ ਧਾਰਮਿਕ ਸਦਭਾਵਨਾ, ਅੰਤਰ-ਧਰਮ ਸਹਿਣਸ਼ੀਲਤਾ ਅਤੇ ਘੱਟ ਗਿਣਤੀਆਂ ਦੇ ਧਾਰਮਿਕ ਅਧਿਕਾਰਾਂ ਦੀ ਰੱਖਿਆ ਦਾ ਸਪੱਸ਼ਟ ਸੰਦੇਸ਼ ਹੈ | ਉਕਤ ਤੋਂ ਇਲਾਵਾ ਪਾਕਿ ਦੇ ਸ਼ਹਿਰ ਹੈਦਰਾਬਾਦ ਦੇ ਗੁਰਪੱਥ ਮੰਦਰ ਸ੍ਰੀਘਾਟ, ਗਿੱਡੂ ਸ਼ਿਵ ਮੰਦਰ, ਸੂਬਾ ਸਿੰਧ ਦੇ ਲਿਆਕਤਪੁਰ ਸ਼ਹਿਰ ਵਿਚਲੇ ਪ੍ਰਾਚੀਨ ਸ਼ਿਵਾਲਾ, ਮੀਰਪੁਰ ਮਥੈਲੋ ਦੇ ਬਾਬਾ ਕੀਮਤੀ ਰਾਮ ਦਰਬਾਰ, ਕਰਾਚੀ ਦੇ ਕਕਰੀ ਗਰਾਉਂਡ ਸਥਿਤ ਸ਼ਿਵ ਮੰਦਿਰ, ਸੱਚੋ ਸਤਰਾਮ ਧਾਮ, ਕਲਿਫ਼ਟਨ ਦੇ ਸ੍ਰੀ ਰਤਨੇਸ਼ਵਰ ਮੰਦਰ, ਸ੍ਰੀ ਰਾਮਦੇਵ ਸ਼ਿਵ ਸੰਤੋਸ਼ ਮੰਦਿਰ (ਮਸਾਨ ਘਾਟ), ਐੱਮ. ਏ. ਜ਼ਿਨਾਹ ਰੋਡ ਸਥਿਤ ਜੈ ਸ੍ਰੀ ਸਵਾਮੀ ਨਰਾਇਣ ਮੰਦਿਰ, ਮੋਰੀਆ ਖ਼ਾਨ ਗੋਤ ਦੇ ਛੋਟਾ ਗੇਟ ਵਿਚਲੇ ਰਾਮਾਪੀਰ ਮੰਦਿਰ, ਲਾਹੌਰ ਦੇ ਕਿ੍ਸ਼ਨਾ ਮੰਦਿਰ, ਸਿਆਲਕੋਟ ਦੇ ਸ਼ਿਵਾਲਾ ਤੇਜ ਸਿੰਘ, ਮਾਨਸਿਹਰਾ ਦੇ ਚਿੱਟੀ ਗਾਟੀ ਸਥਿਤ ਪ੍ਰਾਚੀਨ ਸ਼ਿਵ ਮੰਦਿਰ, ਪਿਸ਼ਾਵਰ ਦੇ ਪ੍ਰਾਚੀਨ ਸ਼ਿਵ ਮੰਦਿਰ ਅਤੇ ਝੰਡਾ ਬਾਜ਼ਾਰ ਦੇ ਹਿੰਦੂ ਦਰਗਾਹ ਨਾਮੀ ਸ਼ਿਵਾਲੇ ਸਮੇਤ ਰਾਵਲਪਿੰਡੀ ਦੇ ਮਹਾਂਰਿਸ਼ੀ ਵਾਲਮੀਕੀ ਭਗਵਾਨ ਮੰਦਿਰ 'ਚ ਸ਼ਿਵਰਾਤਰੀ ਭਾਰੀ ਉਤਸ਼ਾਹ ਨਾਲ ਮਨਾਈ ਗਈ | ਈ. ਟੀ. ਪੀ. ਬੀ. ਅਤੇ ਪਾਕਿ ਹਿੰਦੂ ਭਾਈਚਾਰੇ ਵਲੋਂ ਇਸ ਮੌਕੇ ਲੰਗਰ ਆਦਿ ਦੀ ਵਿਵਸਥਾ ਤੇ ਦੀਪਮਾਲਾ ਵੀ ਕੀਤੀ ਗਈ |

ਪਿਛਲੀ ਖ਼ਬਰ ਕਸਬਾ ਬੱਧਨੀ ਕਲਾਂ ਵਿਖੇ ਸਜਾਏ 18ਵੇਂ ਧਾਰਮਿਕ ਦੀਵਾਨ 'ਚ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ ਅਗਲੀ ਖ਼ਬਰ ਸੰਤ ਸੀਚੇਵਾਲ ਨੇ ਮਨੁੱਖੀ ਤਸਕਰੀ ਤੇ ਵਿਦੇਸ਼ਾਂ 'ਚ ਫਸੇ ਭਾਰਤੀਆਂ ਦਾ ਮਸਲਾ ਰਾਜ ਸਭਾ 'ਚ ਉਠਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।