30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਗੁਰਦੁਆਰਾ ਖਿਚੜੀ ਸਾਹਿਬ ਦੇ ਕੇਸ 'ਚ 7 ਨਿਹੰਗ ਸਿੰਘ ਬਰੀ

ਅਜੀਤ ਡੈਸਕ 18-02-2026
ਪਟਿਆਲਾ, 17 ਫਰਵਰੀ (ਮਨਦੀਪ ਸਿੰਘ ਖਰੌੜ)-ਸਥਾਨਕ ਅਦਾਲਤ ਨੇ ਗੁਰਦੁਆਰਾ ਖਿਚੜੀ ਸਾਹਿਬ ਬਲਬੇੜਾ ਦੇ ਕੇਸ ਦੇ ਮਾਮਲੇ 'ਚ 7 ਨਿਹੰਗ ਸਿੰਘਾਂ ਨੂੰ ਬਰੀ ਕਰ ਦਿੱਤਾ ਹੈ | ਇਸ ਮਾਮਲੇ 'ਚ ਨਿਹੰਗ ਸਿੰਘ 2020 ਤੋਂ ਜੇਲ੍ਹ 'ਚ ਬੰਦ ਸਨ ਅਤੇ ਅਦਾਲਤ ਵਲੋਂ ਉਨ੍ਹਾਂ ਨੂੰ ਨਾਜਾਇਜ਼ ਅਸਲ੍ਹਾ ਰੱਖਣ ਦੇ ਮਾਮਲੇ 'ਚੋਂ 5 ਸਾਲ ਦੀ ਸਜ਼ਾ ਸੁਣਾਈ ਗਈ ਸੀ | ਉਨ੍ਹਾਂ ਦੇ ਪੰਜ ਸਾਲ ਪੂਰੇ ਹੋਣ 'ਤੇ ਅੱਜ ਉਨ੍ਹਾਂ ਨੂੰ ਇਸ ਕੇਸ 'ਚੋਂ ਬਰੀ ਕਰ ਦਿੱਤਾ ਹੈ, ਜਦਕਿ ਥਾਣੇਦਾਰ ਹਰਜੀਤ ਸਿੰਘ ਦਾ ਗੁੱਟ ਕੱਟਣ ਦੇ ਮਾਮਲਾ ਦਾ ਕੇਸ ਅਜੇ ਸਥਾਨਕ ਅਦਾਲਤ 'ਚ ਚੱਲ ਰਿਹਾ ਹੈ | ਇਸ ਸੰਬੰਧੀ ਨਿਹੰਗ ਸਿੰਘਾਂ ਦੇ ਵਕੀਲ ਬਿਕਰਮਜੀਤ ਸਿੰਘ ਭੁੱਲਰ ਅਤੇ ਐਸ.ਐਸ. ਸੱਗੂ ਨੇ ਦੱਸਿਆ ਕਿ ਅਪ੍ਰੈਲ 2020 'ਚ ਸਨੌਰ ਸਬਜ਼ੀ ਮੰਡੀ 'ਚ ਇਕ ਨਿਹੰਗ ਸਿੰਘ ਵਲੋਂ ਥਾਣੇਦਾਰ ਦਾ ਗੁੱਟ ਵੱਡ ਦਿੱਤਾ ਗਿਆ ਸੀ, ਜਿਸ ਤਹਿਤ ਪਟਿਆਲਾ ਪੁਲਿਸ ਦੀਆਂ ਟੀਮਾਂ ਨਿਹੰਗ ਸਿੰਘਾਂ ਨੂੰ ਗਿ੍ਫ਼ਤਾਰ ਕਰਨ ਲਈ ਪਿੰਡ ਬਲਬੇੜਾ ਦੇ ਗੁਰਦੁਆਰਾ ਖਿਚੜੀ ਸਾਹਿਬ 'ਚ ਗਈਆਂ ਸੀ | ਇਸ ਮਾਮਲੇ 'ਚ ਪੁਲਿਸ ਵਲੋਂ ਨਿਹੰਗ ਸਿੰਘਾਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ | ਇਸ ਕੇਸ ਦੀ ਸੁਣਵਾਈ ਦੌਰਾਨ ਅੱਜ ਸਥਾਨਕ ਅਦਾਲਤ ਨੇ ਬਾਬਾ ਬਲਵਿੰਦਰ ਸਿੰਘ, ਜਗਮੀਤ ਸਿੰਘ, ਨਿਰਭੈ ਸਿੰਘ, ਬੰਤ ਸਿੰਘ, ਗੁਰਦੀਪ ਸਿੰਘ, ਜਗੀਰ ਸਿੰਘ ਤੇ ਮਨਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਹੈ | ਪੁਲਿਸ ਵਲੋਂ ਇਸ ਮਾਮਲੇ 'ਚ 11 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ 'ਚ ਇਕ ਔਰਤ ਵੀ ਸੀ | ਬਾਅਦ 'ਚ ਪੁਲਿਸ ਨੇ ਇਸ ਮਾਮਲੇ 'ਚ ਔਰਤ ਸਮੇਤ 4 ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ | ਜ਼ਿਕਰਯੋਗ ਹੈ ਕਿ ਅਪ੍ਰੈਲ 2020 ਵਿਚ ਨਿਹੰਗ ਸਿੰਘ ਸਨੌਰ ਦੀ ਸਬਜ਼ੀ ਮੰਡੀ 'ਚ ਵਿਸਾਖੀ ਦੇ ਪ੍ਰੋਗਰਾਮ ਲਈ ਸਬਜ਼ੀ ਖ਼ਰੀਦਣ ਗਏ ਸੀ | ਇਸ ਦੌਰਾਨ ਉਨ੍ਹਾਂ ਦਾ ਪੁਲਿਸ ਟੀਮ ਨਾਲ ਕਿਸੇ ਮਾਮਲੇ ਨੂੰ ਲੈ ਕੇ ਤਕਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਥਾਣੇਦਾਰ ਹਰਜੀਤ ਸਿੰਘ ਦਾ ਇਕ ਨਿਹੰਗ ਸਿੰਘ ਵਲੋਂ ਗੁੱਟ ਵੱਡ ਕੇ ਉਥੋਂ ਨਿਹੰਗ ਸਿੰਘ ਫ਼ਰਾਰ ਹੋ ਗਏ ਸਨ | ਬਾਅਦ 'ਚ ਪਟਿਆਲਾ ਪੁਲਿਸ ਦੀਆਂ ਟੀਮਾਂ ਨਿਹੰਗ ਸਿੰਘਾਂ ਨੂੰ ਫੜਨ ਲਈ ਉਨ੍ਹਾਂ ਦੇ ਡੇਰੇ ਗੁਰਦੁਆਰਾ ਖਿਚੜੀ ਸਾਹਿਬ ਬਲਬੇੜਾ ਵਿਖੇ ਗਈਆਂ ਸੀ | ਇਸ ਦੌਰਾਨ ਪੁਲਿਸ 'ਤੇ ਜਾਨਲੇਵਾ ਹਮਲਾ ਕਰਨ, ਧਮਾਕਾਖ਼ੇਜ਼ ਸਮਗਰੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਤਹਿਤ ਨਿਹੰਗ ਸਿੰਘਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ |

ਪਿਛਲੀ ਖ਼ਬਰ ਵੀ.ਡੀ.ਸੀ. ਬਣੇ ਨਸ਼ਾ ਮਾਫੀਆ ਖ਼ਿਲਾਫ਼ ਸਰਕਾਰ ਦੀਆਂ ਅੱਖਾਂ ਤੇ ਕੰਨ-ਪੰਨੂ ਅਗਲੀ ਖ਼ਬਰ ਪੁਲਿਸ ਟੀਮ ਵਲੋਂ 4,850 ਰੁ. ਦੀ ਨਕਦੀ ਸਮੇਤ ਸੱਟਾ ਲਗਾਉਂਦੇ ਹੋਏ ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।