ਯਮੁਨਾਨਗਰ, 17 ਫਰਵਰੀ (ਗੁਰਦਿਆਲ ਸਿੰਘ ਨਿਮਰ)-ਪੁਲਿਸ ਚੌਕੀ ਬੁਢੀਆ ਗੇਟ ਦੀ ਪੁਲਿਸ ਟੀਮ ਵਲੋਂ 4,850 ਰੁ. ਦੀ ਨਕਦੀ ਸਮੇਤ ਸੱਟਾ ਲਗਾਉਂਦੇ ਹੋਏ ਇਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਸਟੀਮ ਇੰਜਣ ਲੇਨ ਨੇੜੇ ਇਕ ਜਨਤਕ ਜਗ੍ਹਾ 'ਤੇ ਖੁੱਲ੍ਹੇਆਮ ਸੱਟਾ ਲਗਾ ਰਿਹਾ ਹੈ | ਇਸ ਸੂਚਨਾ 'ਤੇ ਤੁਰੰਤ ਕਾਰਵਾਈ ਕਰਦਿਆਂ ਏ. ਐਸ. ਆਈ. ਮੁਕੇਸ਼ ਕੁਮਾਰ ਦੀ ਅਗਵਾਈ 'ਚ ਇਕ ਵਿਸ਼ੇਸ਼ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ ਅਤੇ ਸ਼ੱਕੀ ਵਿਅਕਤੀ 'ਤੇ ਨਜ਼ਰ ਰੱਖੀ | ਇਸ ਮਗਰੋਂ ਪੁਸ਼ਟੀ ਹੋਣ 'ਤੇ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਸੁਨੀਲ ਪੁੱਤਰ ਆਸ਼ਾਰਾਮ ਵਾਸੀ ਹਰੀਪੁਰਾ ਮੁਹੱਲਾ ਜਗਾਧਰੀ ਨੂੰ ਸੱਟਾ ਲਗਾਉਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ, ਜਿਸ ਦੌਰਾਨ ਮੁਲਜ਼ਮ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਕਬਜ਼ੇ 4,850 ਰੁ. ਨਕਦੀ ਬਰਾਮਦ ਹੋਈ | ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਰੁੱਧ ਜੂਆ ਐਕਟ ਦੀਆਂ ਸੰਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਚੌਕੀ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਸੱਟੇਬਾਜ਼ੀ ਨੈੱਟਵਰਕ 'ਚ ਹੋਰ ਕੌਣ ਸ਼ਾਮਿਲ ਹੈ |