29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪੰਜਾਬ ਧਰਤੀ ਹੇਠਲੇ ਪਾਣੀ ਦੇ ਸਭ ਤੋਂ ਵੱਡੇ ਖ਼ਪਤਕਾਰ ਵਜੋਂ ਉੱਭਰਿਆ ਵਾਤਾਵਰਨ ਮਾਹਿਰਾਂ ਨੇ ਪ੍ਰਗਟਾਈ ਚਿੰਤਾ <br/>

ਅਜੀਤ ਡੈਸਕ 18-02-2026
ਫ਼ਰੀਦਕੋਟ, 17 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਘੱਟਦੇ ਪੱਧਰ ਬਾਰੇ ਆਈਆਂ ਚਿੰਤਾਜਨਕ ਰਿਪੋਰਟਾਂ ਨੇ ਪੰਜਾਬ ਨੂੰ ਕੇਂਦਰ 'ਚ ਲਿਆ ਖ਼ੜ੍ਹਾ ਕਰ ਦਿੱਤਾ ਹੈ | ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਦੇਸ਼ ਦਾ ਸਭ ਤੋਂ ਵੱਧ ਧਰਤੀ ਹੇਠਾ ਜਲ ਕੱਢਣ ਵਾਲਾ ਰਾਜ ਬਣ ਗਿਆ ਹੈ | ਵਾਤਾਵਰਨ ਵਿਦਵਾਨਾਂ ਦਾ ਕਹਿਣਾ ਹੈ ਕਿ ਜੇਕਰ ਤੁਰੰਤ ਠੋਸ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਾਲਾਂ ਵਿਚ ਜ਼ਮੀਨ ਹੇਠਲੇ ਪਾਣੀ ਦੀ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ | ਜਲ ਜੀਵਨ ਬਚਾਓ ਮੋਰਚਾ ਨੇ ਇਸ ਮਾਮਲੇ 'ਤੇ ਗਹਿਰੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਉਹ ਕਈ ਸਾਲਾਂ ਤੋਂ ਭੂ ਜਲ ਸੰਕਟ ਬਾਰੇ ਆਵਾਜ਼ ਉਠਾ ਰਹੇ ਹਨ ਕਿ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਘੱਟ ਰਿਹਾ ਹੈ ਅਤੇ ਜੇ ਹਾਲਾਤ ਇੰਜ ਹੀ ਰਹੇ ਤਾਂ ਕੁਝ ਸਾਲਾਂ ਦਾ ਹੀ ਪਾਣੀ ਬਚ ਸਕੇਗਾ | ਜ਼ਮੀਨੀ ਸਤ੍ਹਾ ਦੇ ਜਲ ਸਰੋਤ ਪ੍ਰਦੂਸ਼ਿਤ ਹੋ ਰਹੇ ਹਨ ਅਤੇ ਖੇਤੀਬਾੜੀ 'ਚ ਪਾਣੀ ਖ਼ਪਤ ਵਾਲੀਆਂ ਫ਼ਸਲਾਂ 'ਤੇ ਨਿਰਭਰਤਾ ਜਾਰੀ ਹੈ | ਕਿਸਾਨਾਂ ਕੋਲ ਬਦਲ ਦੀ ਕਮੀ ਅਤੇ ਆਰਥਿਕ ਦਬਾਅ ਕਾਰਨ ਧਰਤੀ ਹੇਠਲੇ ਪਾਣੀ 'ਤੇ ਨਿਰਭਰਤਾ ਵੱਧਦੀ ਜਾ ਰਹੀ ਹੈ | ਨਤੀਜੇ ਵਜੋਂ ਵਾਤਾਵਰਨ ਸੰਤੁਲਨ ਖ਼ਰਾਬ ਹੋ ਰਿਹਾ ਹੈ ਅਤੇ ਮਨੁੱਖਾਂ ਦੀ ਸਿਹਤ 'ਤੇ ਇਸ ਦਾ ਮਾੜਾ ਪ੍ਰਭਾਵ ਪੈ ਰਿਹਾ ਹੈ | ਨੈਸ਼ਨਲ ਫ਼ੈਮਲੀ ਹੈਲਥ ਸਰਵੇਖਣ 2019 ਅਤੇ 2021 ਅਨੁਸਾਰ ਪੰਜਾਬ ਵਿਚ ਤਕਰੀਬਨ 92.5 ਫ਼ੀਸਦ ਸੁਰੱਖਿਅਤ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਦਾਅਵਾ ਕੀਤਾ ਗਿਆ ਹੈ, ਪ੍ਰੰਤੂ ਅਸਲੀਅਤ ਇਸ ਤੋਂ ਉਲਟ ਹੈ | ਜਲ ਜੀਵਨ ਮਿਸ਼ਨ ਦੇ ਅੰਕੜਿਆਂ ਮੁਤਾਬਿਕ ਪੰਜਾਬ 'ਚ ਕੁੱਲ 73,944 ਜਲ ਸਰੋਤਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 6311 ਸਰੋਤ ਰਸਾਇਣਕ ਪ੍ਰਦੂਸ਼ਣ ਨਾਲ ਪ੍ਰਭਾਵਿਤ ਪਾਏ ਗਏ ਅਤੇ 55 ਸਰੋਤਾਂ ਵਿਚ ਬੈਕਟਰੀਆ ਸੰਬੰਧੀ ਪ੍ਰਦੂਸ਼ਣ ਮਿਲਿਆ | ਇਹ ਅੰਕੜੇ ਸੂਬੇ 'ਚ ਪਾਣੀ ਦੀ ਗੁਣਵੰਤਾ ਸੰਬੰਧੀ ਗੰਭੀਰ ਚੁਣੌਤੀ ਦਰਸਾਉਂਦੇ ਹਨ | ਵਾਤਾਵਰਨ ਵਿਦਵਾਨਾਂ ਅਨੁਸਾਰ ਪਾਣੀ ਪ੍ਰਦੂਸ਼ਣ ਦੇ ਕਈ ਮੁੱਖ ਕਾਰਨ ਹਨ, ਜਿਨ੍ਹਾਂ ਵਿਚ ਉਦਯੋਗਾਂ ਦਾ ਬੁਰਾਦ, ਟੈਕਸਟਾਈਲ, ਰਸਾਇਣਕ ਅਤੇ ਕਾਗਜ਼ ਉਦਯੋਗਾਂ ਦਾ ਗੰਦਾ ਪਾਣੀ ਬਿਨਾਂ ਸਫ਼ਾਈ ਦੇ ਨਦੀਆਂ ਅਤੇ ਨਾਲਿਆਂ ਵਿਚ ਛੱਡਿਆ ਜਾਂਦਾ ਹੈ | ਖੇਤੀਬਾੜੀ ਦਾ ਵਹਾਅ ਜਿਸ ਵਿਚ ਖਾਦਾਂ ਅਤੇ ਕੀਟ ਨਾਸ਼ਕਾਂ ਦੀ ਵੱਧ ਮਾਤਰਾ ਕਾਰਨ ਖ਼ਤਰਨਾਕ ਤੱਤ ਪਾਣੀ ਵਿਚ ਮਿਲ ਰਹੇ ਹਨ | ਇਸ ਤੋਂ ਇਲਾਵਾ ਅਣਸੋਧਿਆ ਹੋਇਆ ਸੀਵਰੇਜ ਦਾ ਪਾਣੀ, ਬਿਨਾਂ ਟਰੀਟਮੈਂਟ ਕੀਤਿਆਂ ਸਿੱਧਾ ਜਲ ਸਰੋਤਾਂ ਵਿਚ ਪਾਇਆ ਜਾ ਰਿਹਾ ਹੈ | ਧਰਤੀ ਹੇਠਲੇ ਪਾਣੀ 'ਚ ਨਾਈਟਰੇਟ ਅਤੇ ਭਾਰੀ ਧਾਤਾਂ ਦੀ ਮਾਤਰਾ ਵੱਧ ਰਹੀ ਹੈ, ਜਿਸ ਦਾ ਸਿੱਧਾ ਪ੍ਰਭਾਵ ਮਨੁੱਖੀ ਸਿਹਤ 'ਤੇ ਪੈ ਰਿਹਾ ਹੈ | ਪੰਜਾਬ ਦੇ ਮਾਲਵਾ ਖੇਤਰ ਵਿਚ ਕੈਂਸਰ ਦੇ ਵੱਧਦੇ ਮਾਮਲੇ ਲੰਬੇ ਸਮੇਂ ਤੋਂ ਚਰਚਾ ਵਿਚ ਹਨ | ਇਸ ਤੋਂ ਇਲਾਵਾ ਟਾਈਫ਼ਾਈਡ, ਹੈਜਾ ਅਤੇ ਹੈਪੇਟਾਈਟਸ ਏ ਵਰਗੀਆਂ ਬਿਮਾਰੀਆਂ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ | ਭਾਰੀ ਧਾਤਾਂ ਨਾਲ ਪ੍ਰਭਾਵਿਤ ਖੇਤਰਾਂ ਵਿਚ ਗੁਰਦੇ ਦੀਆਂ ਬਿਮਾਰੀਆਂ ਦਾ ਵਾਧਾ ਦੇਖਿਆ ਜਾ ਰਿਹਾ ਹੈ, ਜਿਹੜਾ ਕਿ ਪੰਜਾਬ ਦੇ ਭਵਿੱਖ ਲਈ ਖ਼ਤਰੇ ਦੀ ਘੰਟੀ ਬਣ ਚੁੱਕਾ ਹੈ | ਜਲ ਜੀਵਨ ਬਚਾਓ ਮੋਰਚਾ ਫ਼ਰੀਦਕੋਟ ਦੇ ਕਨਵੀਨਰ ਸ਼ੰਕਰ ਸ਼ਰਮਾ ਨੇ ਦੱਸਿਆ ਕਿ ਮੋਰਚੇ ਦੇ ਦਬਾਅ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫ਼ਰੀਦਕੋਟ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ 7 ਪਾਣੀ ਦੇ ਨਮੂਨੇ ਲਏ ਗਏ ਸਨ | ਰਿਜ਼ਨਲ ਐਡਵਾਂਸਡ ਵਾਟਰ ਟੈਸਟਿੰਗ ਲੈਬੋਰੇਟਰੀ ਦੀ ਆਈ ਰਿਪੋਰਟ ਅਨੁਸਾਰ 7 ਵਿਚੋਂ 5 ਨਮੂਨਿਆਂ 'ਚ ਯੂਰੇਨੀਅਮ ਦੀ ਮਾਤਰਾ ਬਿਊਰੋ ਆਫ਼ ਇੰਡੀਆ ਸਟੈਂਡਰਡ (ਬੀ.ਆਈ.ਐਸ) ਦੀ 30 ਮਾਈਕਰੋ ਗਰਾਮ ਪ੍ਰਤੀ ਲੀਟਰ ਹੱਦ ਤੋਂ ਵੱਧ ਪਾਈ ਗਈ ਹੈ | ਗੰਗਾ ਨਰਸਰੀ ਨੇੜੇ ਇਕ ਹੈਾਡ ਪੰਪ ਵਿਚੋਂ 112.25 ਮਾਈਕਰੋ ਗਰਾਮ ਪ੍ਰਤੀ ਲੀਟਰ ਯੂਰੇਨੀਅਮ ਦਰਜ ਕੀਤਾ ਗਿਆ ਹੈ, ਜੋ ਨਿਰਧਾਰਤ ਹੱਦ ਤੋਂ ਲਗਪਗ ਚਾਰ ਗੁਣਾ ਵੱਧ ਹੈ | ਚਰਚ ਅਤੇ ਗੁਰਦੁਆਰਾ ਸਾਹਿਬ ਮਾਈਗੋਦੜੀ 'ਚ ਲਏ ਗਏ ਨਮੂਨੇ ਵੀ ਖ਼ਤਰਨਾਕ ਪੱਧਰ 'ਤੇ ਮਿਲੇ ਹਨ | ਸ਼ਹਿਰ ਦੇ ਵਿਚਕਾਰ ਪੁਰਾਣੀ ਦਾਣਾ ਮੰਡੀ 'ਚ ਲੱਗੇ ਹੈਾਡ ਪੰਪ ਦਾ ਨਮੂਨਾ ਫ਼ੇਲ੍ਹ ਹੋ ਗਿਆ ਹੈ, ਜਿਥੇ ਯੂਰੇਨੀਅਮ ਦੀ ਮਾਤਰਾ 250 ਫ਼ੀਸਦ ਵੱਧ ਪਾਈ ਗਈ ਹੈ |

ਪਿਛਲੀ ਖ਼ਬਰ ਕਾਂਗਰਸ ਪਾਰਟੀ ਮਨਰੇਗਾ ਸਕੀਮ ਨੂੰ ਬਹਾਲ ਰੱਖਣ ਲਈ ਸੰਘਰਸ਼ ਜਾਰੀ ਰੱਖੇਗੀ-ਭੁਪੇਸ਼ ਬਘੇਲ ਅਗਲੀ ਖ਼ਬਰ ਰੰਜਿਸ਼ ਨੂੰ ਲੈ ਕੇ ਗੁਰਸਿੱਖ ਵਿਅਕਤੀ ਦੇ ਦਾੜ੍ਹੀ ਤੇ ਸਿਰ ਦੇ ਕੇਸ ਕਤਲ ਕਰ ਕੇ ਕੀਤੀ ਕੁੱਟਮਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।