ਨਵੀਂ ਦਿੱਲੀ, 17 ਫਰਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ (ਏ. ਆਈ.) ਇੰਪੈਕਟ ਸਿਖ਼ਰ ਸੰਮੇਲਨ ਦੌਰਾਨ ਲਗਾਈ ਗਈ ਏ. ਆਈ. ਪ੍ਰਦਰਸ਼ਨੀ ਦੇ ਦੌਰੇ ਦੀਆਂ ਵੀਡੀਓਜ਼ ਮੰਗਲਵਾਰ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਸਾਂਝੀਆਂ ਕੀਤੀਆਂ | ਮੋਦੀ ਨੇ ਵੀਡੀਓਜ਼ ਦੇ ਨਾਲ ਪਾਏ ਸੰਦੇਸ਼ 'ਚ ਕਿਹਾ ਕਿ ਇੰਡੀਆ ਏ. ਆਈ. ਇੰਪੈਕਟ ਐਕਸਪੋ 2026 ਵਿਚਾਰਾਂ ਅਤੇ ਨਵੀਆਂ ਪਹਿਲਕਦਮੀਆਂ ਦਾ ਬੇਜੋੜ ਸੰਗਮ ਹੈ | ਭਵਿੱਖ ਨੂੰ ਆਕਾਰ ਦੇਣ 'ਚ ਭਾਰਤੀ ਹੁਨਰ ਦੀ ਬੇਮਿਸਾਲ ਸਮਰੱਥਾ ਦਾ ਵਿਖਾਵਾ ਕੀਤਾ ਹੈ | ਵੀਡੀਓ ਦੀ ਸ਼ੁਰੂਆਤ 'ਚ ਸਰਵਮ ਏ. ਆਈ. ਪ੍ਰਦਰਸ਼ਨੀ ਵਿਖਾਈ ਗਈ | ਏ. ਆਈ. ਵਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਆਮ ਬਜਟ ਦਾ ਰੀਅਲ ਟਾਈਮ (ਨਾਲੋ-ਨਾਲ) ਅਨੁਵਾਦ ਕੀਤਾ | ਇਕ ਪ੍ਰਦਰਸ਼ਨੀ 'ਚ ਵਿਖਾਇਆ ਗਿਆ ਕਿ ਸੋਲਰ ਪੈਨਲ ਨਾਲ ਬਣਾਈ ਬਿਜਲੀ ਨੂੰ ਏ. ਆਈ. ਕਿਵੇਂ ਕੰਟਰੋਲ ਕਰਦਾ ਹੈ ਅਤੇ ਲੋੜ ਪੈਣ 'ਤੇ ਬਿਜਲੀ ਵੀ ਦਿੰਦਾ ਹੈ | ਵੀਡੀਓ 'ਚ ਏ. ਆਈ. ਰੋਬੋਟ ਵੀ ਵਿਖਾਇਆ ਗਿਆ, ਜੋ ਬੱਚਿਆਂ ਨਾਲ ਗੱਲ ਕਰਦਾ ਹੈ ਕਿ ਅਤੇ ਉਨ੍ਹਾਂ ਦੇ ਵਿਕਾਸ ਬਾਰੇ ਦੱਸਦਾ ਹੈ | ਇਸ ਤੋਂ ਇਲਾਵਾ ਕੁਰਸੀ 'ਤੇ ਬੈਠਾ ਰੋਬੋਟ ਵੀ ਵਿਖਾਇਆ ਗਿਆ, ਜਿਸ ਨਾਲ ਇਕ ਅੰਨ੍ਹਾ ਵਿਅਕਤੀ 'ਆਵਾਜ਼ ਕਮਾਂਡ' ਨਾਲ ਆਪਣੇ ਆਸ-ਪਾਸ ਰੱਖੇ ਸਾਮਾਨ ਨੂੰ ਪਛਾਣ ਰਿਹਾ ਸੀ |