17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਬਰਸੀ 'ਤੇ ਵਿਸ਼ੇਸ਼ ਪੰਜਾਬੀ ਸੂਬਾ ਮੋਰਚਾ ਦੇ ਮਹਾਨ ਯੋਧੇ ਤੇ ਸਾਬਕਾ ਵਿਧਾਇਕ ਹਰਭਗਵਾਨ ਸਿੰਘ ਬਰਾੜ ਝੱਖੜਵਾਲਾ <br/>

ਅਜੀਤ ਡੈਸਕ 19-02-2026
ਫ਼ਰੀਦਕੋਟ-ਪੰਜਾਬੀ ਸੂਬਾ ਮੋਰਚਾ ਦੇ ਮਹਾਨ ਯੋਧੇ ਅਤੇ ਕੋਟਕਪੂਰਾ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਸ. ਹਰਭਗਵਾਨ ਸਿੰਘ ਬਰਾੜ ਝੱਖੜਵਾਲਾ ਦਾ ਜਨਮ 1930 ਨੂੰ ਪਿੰਡ ਚੱਕ ਚੁੱਘਾ ਸਿੰਘ ਵਾਲਾ ਸੂਰਜਗੰਜ ਜ਼ਿਲ੍ਹਾ ਬਹਾਵਲਪੁਰ (ਪਾਕਿਸਤਾਨ) ਵਿਚ ਪਿਤਾ ਸ. ਚੁੱਘਾ ਸਿੰਘ ਬਰਾੜ ਦੇ ਗ੍ਰਹਿ ਮਾਤਾ ਗੁਲਾਬ ਕੌਰ ਦੀ ਕੁੱਖੋਂ ਹੋਇਆ | ਉਨ੍ਹਾਂ ਦੇ ਪਿਤਾ ਪਾਕਿਸਤਾਨ ਵਿਚ ਦੋ ਸਾਲਮ ਚੱਕਾਂ ਦੇ ਮਾਲਕ ਸਨ, ਜਿਸ ਵਿਚ ਇਕ ਚੱਕ ਦਾ ਨਾਂਅ ਉਨ੍ਹਾਂ ਦੇ ਨਾਂਅ 'ਤੇ ਸੀ, ਜਿਹੜਾ ਕਿ ਅੱਜ ਚੁੱਘਿਆ ਵਾਲੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਹਰਭਗਵਾਨ ਸਿੰਘ ਨੇ ਮੁੱਢਲੀ ਸਿੱਖਿਆ ਪਾਕਿਸਤਾਨ ਦੇ ਸੂਰਜਗੰਜ ਤੋਂ ਹੀ ਪੂਰੀ ਕੀਤੀ | ਹਾਲੇ ਉਨ੍ਹਾਂ ਨੇ ਜਵਾਨੀ 'ਚ ਪੈਰ ਹੀ ਰੱਖਿਆ ਸੀ ਕਿ ਦੇਸ਼ ਦੀ ਵੰਡ ਦਾ ਸੰਤਾਪ ਉਨ੍ਹਾਂ ਨੂੰ ਝੱਲਣਾ ਪਿਆ | ਉਨ੍ਹਾਂ ਦੇ ਪਰਿਵਾਰ ਨੂੰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਝੱਖੜਵਾਲਾ ਵਿਖੇ 350 ਏਕੜ ਜ਼ਮੀਨ ਅਲਾਟ ਹੋਈ | ਜਿਹੜੀ ਕਿ ਅਣਵੰਡੇ ਜ਼ਿਲੇ੍ਹ ਵਿਚ ਦੂਜੀ ਸਭ ਤੋਂ ਵੱਡੀ ਅਲਾਟਮੈਂਟ ਸੀ | ਉਨ੍ਹਾਂ ਦਾ ਵਿਆਹ ਸੰਨ 1950 ਵਿਚ ਸ. ਪ੍ਰੀਤਮ ਸਿੰਘ ਔਲਖ ਦੀ ਲਾਡਲੀ ਪੁੱਤਰੀ ਬੀਬੀ ਬਲਬੀਰ ਕੌਰ ਨਾਲ ਹੋਇਆ | ਉਨ੍ਹਾਂ ਦੇ ਗ੍ਰਹਿ ਵਿਖੇ ਦੋ ਪੁੱਤਰ ਗੁਰਸੇਵਕਪਾਲ ਸਿੰਘ ਬਰਾੜ ਤੇ ਪਿ੍ਤਪਾਲ ਸਿੰਘ ਲਾਲੀ ਬਰਾੜ ਅਤੇ ਤਿੰਨ ਬੇਟੀਆਂ ਰੁਪਿੰਦਰਪਾਲ ਕੌਰ, ਸੁਖਜੀਤ ਕੌਰ ਅਤੇ ਸੁਖਪ੍ਰੀਤ ਕੌਰ ਨੇ ਜਨਮ ਲਿਆ | ਉਨ੍ਹਾਂ ਦੇ ਸਾਰੇ ਬੱਚੇ ਉਨ੍ਹਾਂ ਵਲੋਂ ਦਿੱਤੀ ਗਈ ਸਿੱਖਿਆ ਅਤੇ ਚੰਗੀ ਤਾਲੀਮ ਕਾਰਨ ਸਮਾਜ 'ਚ ਖੁਸ਼ਹਾਲ ਤੇ ਵਧੀਆ ਜੀਵਨ ਬਤੀਤ ਕਰ ਰਹੇ ਹਨ | ਸ. ਝੱਖੜਵਾਲਾ ਨੇ ਆਪਣੇ ਰਾਜਨੀਤਿਕ ਜੀਵਨ ਵਿਚ ਬੇਸਿਮਾਲ ਪ੍ਰਾਪਤੀਆਂ ਕੀਤੀਆਂ | ਸੰਨ 1956 ਵਿਚ ਉਹ ਸਭ ਤੋਂ ਵੱਧ ਵੋਟਾਂ ਲੈ ਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ | ਉਨ੍ਹਾਂ ਦੀ ਜ਼ਿੰਦਗੀ ਵਿਚ ਉਸ ਸਮੇਂ ਮਹੱਤਵਪੂਰਨ ਮੋੜ ਆਇਆ, ਜਦੋਂ ਉਹ ਸੰਤ ਫ਼ਤਿਹ ਸਿੰਘ ਵਲੋਂ ਲਗਾਏ ਗਏ ਪੰਜਾਬੀ ਸੂਬਾ ਮੋਰਚੇ ਵਿਚ ਸ਼ਾਮਿਲ ਹੋ ਕੇ ਪ੍ਰਮੁੱਖ ਭੂਮਿਕਾ ਨਿਭਾਈ ਅਤੇ ਉਹ ਜਲਦੀ ਹੀ ਸੰਤਾਂ ਦੇ ਅਤਿ ਵਿਸ਼ਵਾਸ ਪਾਤਰਾਂ ਵਿਚ ਸ਼ਾਮਿਲ ਹੋ ਗਏ | ਪੰਜਾਬੀ ਸੂਬੇ ਮੋਰਚੇ ਵਿਚ ਆਪਣੀਆਂ ਮੰਗਾਂ ਮਨਵਾਉਣ ਲਈ ਸੰਤ ਫ਼ਤਿਹ ਸਿੰਘ ਮਰਨ ਵਰਤ 'ਤੇ ਬੈਠ ਗਏ | ਇਸ ਦੌਰਾਨ ਸੰਤ ਜੀ ਨੇ ਆਪਣੇ ਸਾਥੀਆਂ ਨਾਲ ਇਹ ਖਦਸ਼ਾ ਜ਼ਾਹਿਰ ਕੀਤਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਨੂੰ ਉਥੋਂ ਚੁੱਕ ਸਕਦੀ ਹੈ ਤਾਂ ਉਸ ਸਮੇਂ ਸਭ ਤੋਂ ਅੱਗੇ ਆਏ ਹਰਭਗਵਾਨ ਸਿੰਘ ਝੱਖੜਵਾਲਾ ਅਤੇ ਕਿਹਾ ਕਿ ਉਹ ਆਪਣੇ ਬਾਪ ਦੀ ਇਕਲੌਤੀ ਸੰਤਾਨ ਹੈ ਅਤੇ 350 ਏਕੜ ਜ਼ਮੀਨ ਦੇ ਮਾਲਕ ਹਨ, ਉਨ੍ਹਾਂ ਦਾ ਜੀਵਨ ਅਤੇ ਜਾਇਦਾਦ ਪੰਥ ਲਈ ਹੈ | ਉਨ੍ਹਾਂ ਨੇ ਜੋ ਬਚਨ ਦਿੱਤਾ ਉਹ ਆਪਣੀ ਤਾਕਤ ਨਾਲ ਕਰ ਦਿਖਾਇਆ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜਿਊਾਦੇ ਜੀਅ ਸੰਤਾਂ ਨੂੰ ਕੋਈ ਲਿਜਾ ਨਹੀਂ ਸਕਦਾ | ਪੰਜਾਬੀ ਸੂਬਾ ਮੋਰਚਾ ਸਫ਼ਲ ਹੋਣ ਤੋਂ ਬਾਅਦ ਪੰਜਾਬ ਹੋਂਦ 'ਚ ਆਇਆ | 1967 ਵਿਚ ਉਨ੍ਹਾਂ ਨੂੰ ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ਪਹਿਲੇ ਵਿਧਾਇਕ ਬਣਨ ਦਾ ਸੁਭਾਗ ਪ੍ਰਾਪਤ ਹੋਇਆ | ਉਸ ਸਮੇਂ ਜਦੋਂਕਿ ਜਸਟਿਸ ਗੁਰਨਾਮ ਸਿੰਘ ਦੀ ਵਜ਼ਾਰਤ ਬਣਨੀ ਸੀ, ਉਸ ਲਈ ਇਕ ਹੋਰ ਵਿਧਾਇਕ ਦੀ ਜ਼ਰੂਰਤ ਸੀ, ਉਸ ਸਮੇਂ ਸੰਤ ਫ਼ਤਿਹ ਸਿੰਘ ਦੇ ਕਹਿਣ 'ਤੇ ਹਰਭਗਵਾਨ ਸਿੰਘ ਝੱਖੜਵਾਲਾ ਅਤੇ ਫ਼ਕੀਰ ਚੰਦ ਵਿਧਾਇਕ ਬਠਿੰਡਾ ਨੂੰ ਗੁਰਨਾਮ ਸਿੰਘ ਦੇ ਹੱਕ 'ਚ ਭੁਗਤ ਕੇ ਸਰਕਾਰ ਬਣਾਉਣ ਵਿਚ ਅਹਿਮ ਰੋਲ ਅਦਾ ਕੀਤਾ | 1969 ਵਿਚ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਵਿਰੁੱਧ ਚੋਣ ਲੜੀ ਅਤੇ ਆਪਦੀ ਹਰਮਨਪਿਆਰਤਾ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਉਨ੍ਹਾਂ ਵਲੋਂ ਕੀਤੀ ਗਈ ਚੋਣ ਰੈਲੀ ਵਿਚਲਾ ਇਕ ਕਾਫ਼ਲਾ ਕਈ ਕਿਲੋਮੀਟਰ ਲੰਬਾ ਸੀ | ਸ. ਹਰਭਗਵਾਨ ਸਿੰਘ ਬਰਾੜ ਝੱਖੜਵਾਲਾ 1977 ਵਿਚ ਕੇਵਲ 47 ਸਾਲ ਦੀ ਉਮਰ 'ਚ ਅੱਜ ਦੇ ਦਿਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ | ਉਨ੍ਹਾਂ ਵਲੋਂ ਪੰਜਾਬੀ ਸੂਬੇ 'ਚ ਪਾਏ ਯੋਗਦਾਨ ਨੂੰ ਅੱਜ ਵੀ ਪੂਰੇ ਆਦਰ ਨਾਲ ਯਾਦ ਕੀਤਾ ਜਾਂਦਾ ਹੈ |
—ਜਸਵੰਤ ਸਿੰਘ ਪੁਰਬਾ

ਪਿਛਲੀ ਖ਼ਬਰ ਐਨ.ਸੀ.ਈ.ਆਰ.ਟੀ. ਨੂੰ ਉੱਚ ਦਰਜੇ ਦੀ ਖੋਜ ਤੇ ਸਿੱਖਿਆ ਯੂਨੀਵਰਸਿਟੀ 'ਚ ਤਬਦੀਲ ਕਰਨ ਦੇ ਉਪਰਾਲੇ ਤੇਜ਼ ਅੰਤਰਰਾਸ਼ਟਰੀ... ਅਗਲੀ ਖ਼ਬਰ 18 ਐਲਨ ਵਿਦਿਆਰਥੀ ਸਟੇਟ ਟਾਪਰ 100 ਫ਼ੀਸਦੀ ਵਾਲੇ ਵਿਦਿਆਰਥੀਆਂ 'ਚੋਂ 8 ਐਲਨ ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।