ਰਾਮਪੁਰਾ ਫੂਲ, 18 ਫਰਵਰੀ (ਨਰਪਿੰਦਰ ਸਿੰਘ ਧਾਲੀਵਾਲ)-ਭਾਰਤ ਦੀ ਸਕੂਲੀ ਸਿੱਖਿਆ ਦੀ ਰੂਪ-ਰੇਖਾ ਤੈਅ ਕਰਨ ਵਾਲੀ ਪ੍ਰਮੁੱਖ ਸੰਸਥਾ ਕੌਮੀ ਸਿੱਖਿਆ ਖੋਜ ਤੇ ਸਿਖਲਾਈ ਕੌਂਸਲ (ਐਨ. ਸੀ. ਈ. ਆਰ. ਟੀ.) ਜਲਦ ਹੀ ਇਕ ਨਵੇਂ ਅਵਤਾਰ ਵਿਚ ਨਜ਼ਰ ਆ ਸਕਦੀ ਹੈ | ਸਿੱਖਿਆ ਮੰਤਰਾਲੇ ਨੇ 17 ਦਸੰਬਰ, 2025 ਦੀ ਇਕ ਰਿਪੋਰਟ ਵਿਚ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਐਨ.ਸੀ.ਈ.ਆਰ.ਟੀ. ਨੂੰ 'ਡੀਮਡ ਟੂ ਬੀ ਯੂਨੀਵਰਸਿਟੀ' ਦਾ ਦਰਜਾ ਦੇਣ ਦੀ ਪ੍ਰਕਿਰਿਆ ਅੰਤਿਮ ਪੜਾਵਾਂ ਵਿਚ ਹੈ | ਸਿੱਖਿਆ ਰਾਜ ਮੰਤਰੀ ਡਾ. ਸੁਕਾਂਤ ਮਜੂਮਦਾਰ ਨੇ ਦੱਸਿਆ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ ਸਲਾਹ 'ਤੇ ਕੇਂਦਰ ਸਰਕਾਰ ਨੇ 31 ਅਗਸਤ, 2023 ਨੂੰ ਐਨ.ਸੀ.ਈ.ਆਰ.ਟੀ. ਨੂੰ ਸ਼ਰਤਾਂ ਸਮੇਤ 'ਲੈਟਰ ਆਫ਼ ਇੰਟੈਂਟ' ਜਾਰੀ ਕੀਤਾ ਸੀ | ਇਸ ਦੇ ਜਵਾਬ ਵਿਚ ਐਨ.ਸੀ.ਈ.ਆਰ.ਟੀ. ਨੇ ਆਪਣੀ ਪਾਲਣਾ ਰਿਪੋਰਟ ਜਮ੍ਹਾਂ ਕਰਵਾ ਦਿੱਤੀ ਹੈ, ਜਿਸ ਨੂੰ ਹੁਣ ਤਸਦੀਕ ਲਈ ਯੂ.ਜੀ.ਸੀ. ਕੋਲ ਭੇਜਿਆ ਗਿਆ ਹੈ | ਐਨ.ਸੀ.ਈ.ਆਰ.ਟੀ. ਦੇ ਯੂਨੀਵਰਸਿਟੀ ਬਣਨ ਤੋਂ ਬਾਅਦ ਦੇ ਭਵਿੱਖ ਦੀ ਤਸਵੀਰ ਸੰਬੰਧੀ ਸਪਸ਼ਟ ਕਰਦਿਆਂ ਸਰਕਾਰ ਨੇ ਕਿਹਾ ਹੈ ਕਿ ਬਦਲਾਅ ਦੇ ਪਿੱਛੇ ਇਕ ਵਿਸਥਾਰਿਤ ਅਤੇ ਦੂਰਅੰਦੇਸ਼ੀ ਰੋਡਮੈਪ ਤਿਆਰ ਕੀਤਾ ਗਿਆ ਹੈ | ਇਸ ਦਰਜੇ ਦੇ ਮਿਲਣ ਨਾਲ ਐਨ.ਸੀ.ਈ.ਆਰ.ਟੀ. ਦੇ ਕੰਮਕਾਜ ਵਿਚ ਇਨਕਲਾਬੀ ਬਦਲਾਅ ਆਉਣਗੇ | ਉੱਚ ਪੱਧਰੀ ਖੋਜ ਅਤੇ ਡਿਗਰੀਆਂ ਐਨ. ਸੀ. ਈ. ਆਰ. ਟੀ. ਵੱਖ-ਵੱਖ ਵਿਸ਼ਿਆਂ ਵਿਚ 'ਇੰਟਰ-ਡਿਸਿਪਲਨਰੀ' ਅਤੇ 'ਮਲਟੀ-ਡਿਸਿਪਲਨਰੀ' ਖੋਜ ਪ੍ਰੋਗਰਾਮ ਸ਼ੁਰੂ ਕਰੇਗਾ | ਇਥੇ ਵੱਡੀ ਗਿਣਤੀ ਵਿਚ ਫੁੱਲ-ਟਾਈਮ ਫੈਕਲਟੀ ਅਤੇ ਖੋਜ ਸਕਾਲਰਾਂ ਦੁਆਰਾ ਪੀ.ਐਚ.ਡੀ. ਅਤੇ ਪੋਸਟ-ਡਾਕਟੋਰਲ ਪੱਧਰ ਦੀ ਖੋਜ ਕੀਤੀ ਜਾਵੇਗੀ | ਇਹ ਸੰਸਥਾ ਨਵੀਂ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਲਈ ਮੋਹਰੀ ਭੂਮਿਕਾ ਨਿਭਾਏਗੀ ਅਤੇ ਇਕ 'ਥਿੰਕ ਟੈਂਕ' ਵਜੋਂ ਕੰਮ ਕਰੇਗੀ | ਸਕੂਲ-ਅਧਾਰਤ ਮੁਲਾਂਕਣ, ਸਮਾਵੇਸ਼ੀ ਸਿੱਖਿਆ ਪ੍ਰੀ-ਸਕੂਲ ਸਿੱਖਿਆ ਅਤੇ ਡਿਜੀਟਲ ਸਿੱਖਿਆ ਵਰਗੇ ਖੇਤਰਾਂ ਵਿਚ ਮਾਹਰ ਤਿਆਰ ਕਰਨ ਲਈ ਵਿਸ਼ੇਸ਼ ਕੋਰਸ ਡਿਜ਼ਾਈਨ ਕੀਤੇ ਜਾਣਗੇ | ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ, ਐਨ.ਸੀ.ਈ.ਆਰ.ਟੀ. ਨੂੰ ਸਿੱਖਿਆ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ | ਇਥੇ 'ਲਰਨਿੰਗ ਐਨਾਲਿਟਿਕਸ', 'ਹਿਊਮਨ-ਕੰਪਿਊਟਰ ਇੰਟਰੈਕਸ਼ਨ' ਅਤੇ 'ਡਿਜੀਟਲ ਪੈਡਾਗੋਜੀ' ਲਈ ਸੈਂਟਰ ਸਥਾਪਿਤ ਕੀਤੇ ਜਾਣਗੇ, ਜੋ ਭਾਰਤੀ ਏ.ਆਈ. ਮਿਸ਼ਨ ਦੇ ਅਨੁਕੂਲ ਹੋਣਗੇ | ਸਕੂਲੀ ਸਿੱਖਿਆ ਵਿਚ ਡਾਟਾ ਸਾਇੰਸ ਅਤੇ ਸਸਟੇਨੇਬਿਲਟੀ ਸਾਇੰਸ ਵਰਗੀਆਂ ਉਭਰਦੀਆਂ ਤਕਨੀਕਾਂ ਨੂੰ ਸ਼ਾਮਿਲ ਕੀਤਾ ਜਾਵੇਗਾ | ਇਕ ਬਹੁਤ ਹੀ ਦਿਲਚਸਪ ਪਹਿਲੂ ਇਹ ਹੈ ਕਿ ਐਨ.ਸੀ.ਈ.ਆਰ.ਟੀ. ਆਪਣੇ 'ਡੈਮੋਨਸਟਰੇਸ਼ਨ ਮਲਟੀਪਰਪਜ਼ ਸਕੂਲਾਂ' ਨੂੰ ਰਾਸ਼ਟਰੀ ਪ੍ਰਯੋਗਸ਼ਾਲਾਵਾਂ ਵਜੋਂ ਚਲਾਏਗਾ | ਇਥੇ ਪਾਠਕ੍ਰਮ ਸੁਧਾਰ, ਨਵੀਂਆਂ ਅਧਿਆਪਨ ਵਿਧੀਆਂ ਅਤੇ ਵਿਦਿਅਕ ਤਕਨਾਲੋਜੀਆਂ ਦੇ ਕਲਾਸਰੂਮ ਟਰਾਇਲ ਕੀਤੇ ਜਾਣਗੇ | ਸਿੱਖਿਆ ਮੰਤਰਾਲੇ ਦਾ ਉਦੇਸ਼ ਐਨ.ਸੀ.ਈ.ਆਰ.ਟੀ. ਨੂੰ ਹੌਲੀ-ਹੌਲੀ ਇਕ ਉੱਚ ਦਰਜੇ ਦੀ 'ਖੋਜ ਅਤੇ ਸਿੱਖਿਆ ਯੂਨੀਵਰਸਿਟੀ' ਵਿਚ ਤਬਦੀਲ ਕਰਨਾ ਹੈ, ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਹੋਵੇਗੀ | ਇਸ ਨਾਲ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਅਤੇ ਭਾਈਚਾਰੇ ਨਾਲ ਜੁੜੇ ਪ੍ਰੋਜੈਕਟਾਂ ਨੂੰ ਵੀ ਵੱਡਾ ਹੁਲਾਰਾ ਮਿਲੇਗਾ | ਹੁਣ ਦੇਖਣਾ ਇਹ ਹੋਵੇਗਾ ਕਿ ਯੂ.ਜੀ.ਸੀ. ਰਿਪੋਰਟ 'ਤੇ ਕਦੋਂ ਮੋਹਰ ਲਗਾਉਂਦੀ ਹੈ ਅਤੇ ਕਦੋਂ ਭਾਰਤ ਦੀ ਇਹ ਵੱਕਾਰੀ ਸੰਸਥਾ ਅਧਿਕਾਰਤ ਤੌਰ 'ਤੇ ਯੂਨੀਵਰਸਿਟੀ ਦਾ ਰੂਪ ਧਾਰਨ ਕਰਦੀ ਹੈ |