28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਅੰਮਿ੍ਤਸਰੀਆਂ ਨੇ ਖ਼ੁਦ ਖ਼ਤਮ ਕੀਤਾ ਆਪਣਾ ਇਕ ਸਦੀ ਪੁਰਾਣਾ 'ਬ੍ਰਾਂਡ' <br/>

ਅਜੀਤ ਡੈਸਕ 20-02-2026

-ਵਿਸ਼ਵ ਭਰ 'ਚ ਪ੍ਰਸਿੱਧੀ ਪ੍ਰਾਪਤ ਅੰਮ੍ਰਿਤਸਰੀ ਕੁਲਚਿਆਂ ਦੀ ਬਦਲੀ ਨੁਹਾਰ ਤੇ ਸੁਆਦ
-ਆਲੂ ਵਾਲੇ ਨਾਨ ਦੀ ਪਛਾਣ ਨੂੰ ਪੈਟੀ ਤੇ ਪੀਜ਼ਾ ਕੁਲਚਾ ਕਰ ਰਹੇ ਧੁੰਦਲਾ

ਸੁਰਿੰਦਰ ਕੋਛੜ
ਅੰਮਿ੍ਤਸਰ, 19 ਫਰਵਰੀ-ਪੰਜਾਬੀਆਂ ਅਤੇ ਵਿਸ਼ੇਸ਼ ਤੌਰ 'ਤੇ ਅੰਮਿ੍ਤਸਰੀਆਂ ਦਾ ਮਨਪਸੰਦ ਭੋਜਨ 'ਆਲੂ ਵਾਲਾ ਕੁਲਚਾ' ਇਕ ਪਾਸੇ ਤਾਂ ਪੂਰੇ ਵਿਸ਼ਵ ਨੂੰ ਆਪਣੇ ਸੁਆਦ ਦਾ 'ਮੁਰੀਦ' ਬਣਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਲਗਭਗ 100 ਸਾਲਾਂ ਤੋਂ ਵੀ ਵਧੇਰੇ ਸਮੇਂ ਤਕ 'ਬ੍ਰਾਂਡ' ਬਣੇ ਰਹੇ ਇਸ ਕੁਲਚੇ ਦੀ ਨੁਹਾਰ ਅਤੇ ਪਛਾਣ ਨੂੰ ਨਵਾਂ ਰੂਪ ਦੇ ਕੇ ਅੰਮਿ੍ਤਸਰੀਆਂ ਵਲੋਂ ਖ਼ੁਦ ਹੀ ਇਸ 'ਬ੍ਰਾਂਡ' ਨੂੰ ਖ਼ਤਮ ਕੀਤਾ ਜਾ ਰਿਹਾ ਹੈ | 'ਅੰਮਿ੍ਤਸਰੀ ਨਾਨ' ਵਜੋਂ ਜਾਣੇ ਜਾਂਦੇ ਆਲੂ ਵਾਲੇ ਕੁਲਚੇ ਨੂੰ ਮੌਜੂਦਾ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਵਲੋਂ ਪੈਟੀ ਕੁਲਚਾ, ਪੀਜ਼ਾ ਕੁਲਚਾ, ਡਰਾਈ ਫਰੂਟ, ਮਿਕਸ ਵੈਜੀਟੇਬਲ, ਗੋਭੀ ਵਾਲਾ ਕੁਲਚਾ, ਪਿਆਜ਼, ਅਦਰਕ, ਮਸ਼ਰੂਮ ਅਤੇ ਮੂੰਗ ਦੀ ਦਾਲ ਵਾਲਾ ਤੰਦੂਰੀ ਕੁਲਚਿਆਂ ਦਾ ਨਾਂਅ ਦੇ ਕੇ ਇਸ ਦਾ ਰਿਵਾਇਤੀ ਸੁਆਦ ਅਤੇ ਪਛਾਣ ਖ਼ਤਮ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਅਜੇ ਤਕ ਸਿਰਫ਼ ਤੰਦੂਰ 'ਚ ਬਣਾਏ ਜਾਣ ਵਾਲੇ ਇਹ ਕੁਲਚੇ ਕੁਝ ਸ਼ਹਿਰੀ ਇਲਾਕਿਆਂ 'ਚ ਇਲੈਕਟਿ੍ਕ ਓਵਨ 'ਚ ਵੀ ਬਣਾਏ ਜਾ ਰਹੇ ਹਨ | ਮੌਜੂਦਾ ਦੌਰ 'ਚ ਸਿਰਫ਼ ਆਲੂ ਵਾਲੇ ਕੁਲਚਿਆਂ ਨੇ ਆਪਣੀ ਪਛਾਣ ਹੀ ਨਹੀਂ ਬਦਲੀ, ਬਲਕਿ ਇਨ੍ਹਾਂ ਦਾ ਰਿਵਾਇਤੀ ਸਵਾਦ ਵੀ ਕਾਫੀ ਬਦਲ ਚੁੱਕਾ ਹੈ | ਕੱਲ੍ਹ ਤੱਕ ਸਿਰਫ਼ ਰੇਹੜੀਆਂ ਅਤੇ ਛੋਟੀਆਂ ਦੁਕਾਨਾਂ 'ਤੇ ਵਿਕਣ ਵਾਲੇ ਆਲੂ ਦੇ ਕੁਲਚੇ ਹੁਣ ਹਰ ਦਰਜੇ ਦੇ ਹੋਟਲਾਂ, ਰੈਸਟੋਰੈਂਟ, ਢਾਬਿਆਂ ਦੇ ਮੀਨੂ ਕਾਰਡ 'ਚ ਵੀ ਸ਼ਾਮਿਲ ਹੋ ਚੁਕੇ ਹਨ | ਅੰਮਿ੍ਤਸਰ 'ਚ ਇਸ ਵੇਲੇ 900 ਤੋਂ ਵਧੇਰੇ ਰੇਹੜੀਆਂ, ਦੁਕਾਨਾਂ, ਹੋਟਲਾਂ ਅਤੇ ਢਾਬਿਆਂ 'ਚ ਗਾਹਕਾਂ ਨੂੰ ਕੁਲਚੇ ਪਰੋਸਣ ਦਾ ਕਾਰੋਬਾਰ ਜਾਰੀ ਹੈ ਅਤੇ ਔਸਤਨ ਰੋਜ਼ਾਨਾ ਅੰਮਿ੍ਤਸਰ ਵਿਚ ਇਕ ਲੱਖ ਤੋਂ ਵਧੇਰੇ ਕੁਲਚਿਆਂ ਦੀ ਵਿੱਕਰੀ ਹੁੰਦੀ ਹੈ | ਜਾਣਕਾਰੀ ਅਨੁਸਾਰ ਅੰਮਿ੍ਤਸਰ 'ਚ ਸਾਲ 1980 ਤੱਕ ਇਸ ਕੁਲਚੇ ਦੀ ਕੀਮਤ 40-50 ਪੈਸੇ ਸੀ, ਜਦਕਿ ਇਸ ਸਮੇਂ ਪ੍ਰਤੀ ਕੁਲਚਾ 50 ਰੁਪਏ ਤੋਂ 250 ਰੁਪਏ ਤਕ ਵਿਕ ਰਿਹਾ ਹੈ | ਇਹ ਵੀ ਦੱਸਣਯੋਗ ਹੈ ਕਿ ਪਹਿਲਾਂ ਪਹਿਲ 'ਅੰਮਿ੍ਤਸਰੀ ਕੁਲਚੇ' ਨੂੰ 'ਅੰਮਿ੍ਤਸਰੀ ਕੁਲੀਚ ਜਾਂ ਕੁਲੀਚਾ' ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ ਅਤੇ ਮੌਜੂਦਾ ਸਮੇਂ ਵੀ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਵਿਚ ਕੁਲਚੇ ਨੂੰ ਕੁਲੀਚ ਕਹਿ ਕੇ ਸੰਬੋਧਨ ਕਰਦੇ ਹਨ | ਉਕਤ ਤੋਂ ਇਲਾਵਾ 'ਅੰਮਿ੍ਤਸਰੀ ਭਿੱਜੇ ਕੁਲਚੇ' ਵਜੋਂ ਮਸ਼ਹੂਰ ਭੱਠੀ ਵਾਲੇ ਅੰਮਿ੍ਤਸਰੀ ਕੁਲਚਿਆਂ ਦੇ ਵੀ ਰਿਵਾਇਤੀ ਸਟਾਈਲ 'ਚ ਤਬਦੀਲੀ ਕੀਤੀ ਗਈ ਹੈ ਅਤੇ ਹੁਣ ਭਿੱਜੇ ਕੁਲਚਿਆਂ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰ ਮੱਠੀ ਛੋਲੇ ਅਤੇ ਭਠੂਰੇ ਛੋਲੇ ਵੀ ਉਸੇ ਅੰਦਾਜ਼ 'ਚ ਵੇਚ ਰਹੇ ਹਨ | ਭਿੱਜਾ ਕੁਲਚਾ ਮੌਜੂਦਾ ਸਮੇਂ ਪੰਜਾਬੀ ਪਕਵਾਨਾਂ ਦੀ ਸੂਚੀ ਵਿਚ 'ਬ੍ਰਾਂਡ' ਬਣ ਚੁੱਕਾ ਹੈ ਅਤੇ ਇਹ ਅੰਮਿ੍ਤਸਰ 'ਚ ਸਟਰੀਟ ਫੂਡ ਵਜੋਂ ਵੀ ਜਾਣਿਆ ਜਾਂਦਾ ਹੈ |

ਪਿਛਲੀ ਖ਼ਬਰ ਪੰਜਾਬ ਸਿਵਲ ਸਕੱਤਰੇਤ ਤੇ ਚੰਡੀਗੜ੍ਹ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ <br/> ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।