ਪੰਜਾਬ 'ਚ ਜਨਗਣਨਾ 2027 ਦਾ ਪਹਿਲਾ ਪੜਾਅ 15 ਮਈ ਤੋਂ ਹੋਵੇਗਾ ਸ਼ੁਰੂ
ਅਜੀਤ ਡੈਸਕ
28-02-2026
ਚੰਡੀਗੜ੍ਹ, 27 ਫਰਵਰੀ (ਅਜੀਤ ਬਿਊਰੋ)-ਜਨਗਣਨਾ 2027 ਦੇ ਪਹਿਲੇ ਪੜਾਅ (ਘਰਾਂ ਦੇ ਸੂਚੀਕਰਨ) ਬਾਰੇ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਲਈ ਅੱਜ ਹੋਟਲ ਮਾਊਾਟ ਵਿਊ, ਚੰਡੀਗੜ੍ਹ ਵਿਖੇ ਇਕ ਰੋਜ਼ਾ ਰਾਜ ਪੱਧਰੀ ਕਾਨਫ਼ਰੰਸ ਕਰਵਾਈ ਗਈ | ਇਹ ਕਾਨਫ਼ਰੰਸ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਅਤੇ ਡਾਇਰੈਕਟੋਰੇਟ ਜਨਗਣਨਾ ਸੰਚਾਲਨ, ਪੰਜਾਬ ਵਲੋਂ ਸਾਂਝੇ ਤੌਰ 'ਤੇ ਮੁੱਖ ਸਕੱਤਰ ਪੰਜਾਬ ਕੇ.ਏ.ਪੀ. ਸਿਨਹਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ | ਇਸ ਕਾਨਫ਼ਰੰਸ ਦਾ ਉਦੇਸ਼ ਪੰਜਾਬ ਵਿਚ 15 ਮਈ, 2026 ਤੋਂ 13 ਜੂਨ, 2026 ਤੱਕ ਕਰਵਾਈ ਜਾਣ ਵਾਲੇ ਜਨਗਣਨਾ 2027 ਦੇ ਪਹਿਲੇ ਪੜਾਅ ਅਧੀਨ ਘਰਾਂ ਦੇ ਸੂਚੀਕਰਨ ਅਤੇ ਮਕਾਨ ਜਨਗਣਨਾ ਲਈ ਖੇਤਰ ਪੱਧਰੀ ਪ੍ਰਸ਼ਾਸਕੀ ਮੁਖੀਆਂ ਨੂੰ ਪ੍ਰਕਿਰਿਆ ਤੋਂ ਜਾਣੂ ਕਰਵਾਉਣਾ ਸੀ | ਇਸ ਕਾਰਜ ਦੌਰਾਨ ਘਰਾਂ ਦੇ ਸੂਚੀਕਰਨ ਦੇ ਸਵੈ-ਗਣਨਾ ਦਾ ਬਦਲ ਵੀ ਦਿੱਤਾ ਜਾਵੇਗਾ, ਜੋ ਕਿ 30 ਅਪ੍ਰੈਲ, 2026 ਤੋਂ 14 ਮਈ, 2026 ਤੱਕ ਜਨਤਾ ਲਈ ਉਪਲਬਧ ਹੋਵੇਗਾ | ਜਨਗਣਨਾ 2027 ਦਾ ਦੂਜਾ ਪੜਾਅ ਫਰਵਰੀ 2027 ਵਿਚ ਸ਼ੁਰੂ ਕੀਤਾ ਜਾਵੇਗਾ | ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਨਗਣਨਾ 2027 ਦੌਰਾਨ ਸਟੀਕਤਾ, ਡਿਜੀਟਲ ਪ੍ਰਕਿਰਿਆ ਅਤੇ ਪ੍ਰਸ਼ਾਸਕੀ ਅਨੁਸ਼ਾਸਨ ਸਬੰਧੀ ਨਵੇਂ ਮਾਪਦੰਡ ਸਥਾਪਤ ਕੀਤੇ ਜਾਣਗੇ | ਇਸ ਮੌਕੇ ਮੁੱਖ ਸਕੱਤਰ ਨੇ ਜਨਗਣਨਾ 2027 ਦਾ ਪੰਜਾਬੀ ਲੋਗੋ ਦਾ ਵੀ ਜਾਰੀ ਕੀਤਾ | ਉਨ੍ਹਾਂ ਨੇ ਜਨਗਣਨਾ ਦੇ ਉਦੇਸ਼ਾਂ ਲਈ ਅੱਪਡੇਟ ਕੀਤੇ ਮਾਲੀਆ ਨਕਸ਼ੇ (ਜ਼ਿਲ੍ਹੇ ਅਤੇ ਤਹਿਸੀਲਾਂ) ਅਤੇ ਸ਼ਹਿਰੀ ਸਥਾਨਕ ਇਕਾਈਆਂ ਦੇ ਨਕਸੇ ਵੀ ਜਾਰੀ ਕੀਤੇ | ਇਸ ਦੌਰਾਨ ਡਾਇਰੈਕਟਰ, ਸੈਂਸਜ਼ ਆਪਰੇਸ਼ਨਜ਼, ਪੰਜਾਬ ਡਾ. ਨਵਜੋਤ ਖੋਸਾ ਨੇ ਅਧਿਕਾਰੀਆਂ ਨੂੰ ਜਨਗਣਨਾ 2027 ਲਈ ਰੋਡਮੈਪ ਅਤੇ ਰਣਨੀਤਕ ਢਾਂਚੇ ਤੋਂ ਜਾਣੂ ਕਰਵਾਇਆ |