ਸੁਲਤਾਨਪੁਰ ਲੋਧੀ, 27 ਫਰਵਰੀ (ਨਰੇਸ਼ ਹੈਪੀ)-ਇਥੋਂ ਤਿੰਨ ਕਿਲੋਮੀਟਰ ਦੂਰ ਪਿੰਡ ਗਿੱਲਾਂ ਵਿਖੇ ਇਕ ਪ੍ਰਵਾਸੀ ਮਜ਼ਦੂਰ ਦੇ ਅੱਠ ਸਾਲਾ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ ਖਾਧਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਦੀ ਮਾਂ ਨੇ ਦੱਸਿਆ ਕਿ ਉਸ ਦਾ 8 ਸਾਲਾ ਬੇਟਾ ਸੂਰਜ ਪਿੰਡ ਵਿਚ ਖੇਡ ਰਿਹਾ ਸੀ ਤਾਂ ਸੜਕਾਂ 'ਤੇ ਘੁੰਮਦੇ 5-6 ਕੁੱਤਿਆਂ ਨੇ ਉਸ ਨੂੰ ਫੜ ਕੇ ਬੁਰੀ ਤਰ੍ਹਾਂ ਵੱਢਣਾ ਸ਼ੁਰੂ ਕਰ ਦਿੱਤਾ | ਬੱਚੇ ਦੀਆਂ ਚੀਕਾਂ ਸੁਣ ਕੇ ਅਸੀਂ ਬੜੀ ਮੁਸ਼ਕਿਲ ਨਾਲ ਕੁੱਤਿਆਂ ਤੋਂ ਬੱਚੇ ਨੂੰ ਛੁਡਾਇਆ ਅਤੇ ਤੁਰੰਤ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਇਲਾਜ ਲਈ ਲਿਆਂਦਾ, ਜਿਥੇ ਡਾਕਟਰਾਂ ਨੇ ਬੱਚੇ ਦੀ ਗੰਭੀਰ ਹਾਲਤ ਵੇਖਦਿਆਂ ਪਹਿਲਾਂ ਕਪੂਰਥਲਾ ਤੇ ਫਿਰ ਜਲੰਧਰ ਰੈਫ਼ਰ ਕਰ ਦਿੱਤਾ | ਜਾਣਕਾਰੀ ਅਨੁਸਾਰ ਇਲਾਜ ਦੌਰਾਨ ਅੱਠ ਸਾਲਾ ਬੱਚੇ ਸੂਰਜ ਪੁੱਤਰ ਮਨੋਜ ਦੀ ਮੌਤ ਹੋ ਗਈ | ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਸਾਲ 2024 ਵਿਚ ਵੀ ਸੁਲਤਾਨਪੁਰ ਲੋਧੀ ਖੇਤਰ ਦੇ ਇਕ ਪਿੰਡ ਵਿਚ ਕੁੱਤਿਆਂ ਨੇ ਇਕ ਔਰਤ ਨੂੰ ਨੋਚ-ਨੋਚ ਕੇ ਮਾਰ ਦਿੱਤਾ ਸੀ |