ਸਰਦੂਲਗੜ੍ਹ (ਮਾਨਸਾ), 27 ਫਰਵਰੀ (ਜੀ. ਐਮ. ਅਰੋੜਾ)-ਸਥਾਨਕ ਸ਼ਹਿਰ ਦੀ ਸ਼ੈਲਰ ਰੋਡ 'ਤੇ ਸਵੇਰ ਵੇਲੇ 2 ਵਿਅਕਤੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਜਸਵੀਰ ਕੁਮਾਰ ਉਰਫ਼ ਕਾਕਾ (48) ਪੁੱਤਰ ਭਗਵਾਨ ਦਾਸ ਸਿੰਗਲਾ ਰੋਜ਼ਾਨਾ ਦੀ ਤਰ੍ਹਾਂ ਆਪਣੀ ਬਗੀਚੀ ਵਿਖੇ ਆਇਆ ਸੀ, ਜਿਥੇ ਬਲਦੇਵ ਸਿੰਘ ਮਾਲੀ ਪੌਦਿਆਂ ਦੀ ਸੰਭਾਲ ਲਈ ਆਇਆ ਹੋਇਆ ਸੀ | ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਦੋਵਾਂ ਦੀ ਹੱਤਿਆ ਕਰ ਦਿੱਤੀ | ਮਿ੍ਤਕ ਕਾਕਾ ਦੇ ਚਾਚਾ ਸੱਤਪਾਲ ਸਿੰਗਲਾ ਨੇ ਦੱਸਿਆ ਕਿ ਜਦੋਂ ਉਹ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ ਖ਼ੂਨ ਨਾਲ ਲਥ-ਪਥ ਲਾਸ਼ਾਂ ਪਈਆਂ ਸਨ | ਉਨ੍ਹਾਂ ਦੱਸਿਆ ਕਿ ਜਸਵੀਰ ਸਿੰਘ ਦੀ ਕਿਸੇ ਨਾਲ ਕੋਈ ਰੰਜਸ਼ ਨਹੀਂ ਸੀ ਅਤੇ ਨਾ ਹੀ ਕਿਸੇ ਵਲੋਂ ਫਿਰੌਤੀ ਆਦਿ ਦੀ ਕੋਈ ਕਾਲ ਆਈ ਸੀ | ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਨਿਆਂ ਦਿੱਤਾ ਜਾਵੇ | ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਵੀ ਘਟਨਾ ਸਥਾਨ 'ਤੇ ਪਹੁੰਚੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਜਾਂਚ ਵਿਚ ਜੁਟ ਗਈ ਹੈ ਵੱਖ-ਵੱਖ ਟੀਮਾਂ ਬਣਾ ਕੇ ਕੈਮਰੇ ਖੰਘਾਲੇ ਜਾ ਰਹੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |